ਆਮ ਆਦਮੀ ਪਾਰਟੀ ਪੰਜਾਬ ’ਚ ਅਮਨ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਅਸਫਲ

by jaskamal

ਨਿਊਜ਼ ਡੈਸਕ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਆਏ ਦਿਨ ਕਤਲ ’ਤੇ ਕਤਲ ਹੋ ਰਹੇ ਹਨ ਤੇ ਜਦੋਂ ਪੰਜਾਬ ਦੇ ਨਾਮੀ ਸਿੰਗਰ ਅਤੇ ਆਗੂ ਸੁਰੱਖਿਅਤ ਨਹੀਂ ਤਾਂ ਫਿਰ ਕੌਣ ਸੁਰੱਖਿਅਤ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਚੰਡੀਗੜ੍ਹ ਦੇ ਏ. ਸੀ. ਰੂਮਾਂ ਤੋਂ ਬਾਹਰ ਆਉਣ ਤੇ ਬਾਹਰ ਆ ਕੇ ਸਰਕਾਰ ਨੂੰ ਸੰਭਾਲਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਦਾ ਭਵਿੱਖ ਸੌਂਪਿਆ ਹੈ ਪਰ ਜਿਸ ਦਿਨ ਤੋਂ ਸਰਕਾਰ ਬਣੀ ਹੈ, ਮੁੱਖ ਮੰਤਰੀ ਭਗਵੰਤ ਮਾਨ ਅੰਦਰ ਹੀ ਵੜ ਕੇ ਬੈਠ ਗਏ ਹਨ।

ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਇੰਟੈਲੀਜੈਂਸੀ ਤੇ ਪੁਲਸ ਬੁਰੀ ਤਰ੍ਹਾਂ ਇਹ ਪਤਾ ਕਰਨ ਵਿਚ ਅਸਫਲ ਰਹੀ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੈ। ਸਿੱਧੂ ਮੂਸੇਵਾਲਾ ਕੋਈ ਆਮ ਵਿਅਕਤੀ ਨਹੀਂ ਸੀ। ਜਿਥੇ ਉਹ ਪੂਰੀ ਦੁਨੀਆ ਵਿਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ, ਉਥੇ ਕਾਂਗਰਸ ਵਲੋਂ ਮਾਨਸਾ ਤੋਂ ਚੋਣ ਵੀ ਲੜ ਚੁੱਕਾ ਸੀ। ਪਰ ਸਰਕਾਰ ਨੇ ਬਿਨਾਂ ਕਿਸੇ ਰਿਪੋਰਟ ਦੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਤੇ ਅੱਜ ਪੰਜਾਬ ਨੂੰ ਇਕ ਸਿਰੇ ਵਰਗਾ ਲਾਲ ਗਵਾਉਣਾ ਪਿਆ। ਹੁਣ ਆਮ ਆਦਮੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ। ਪਿਛਲੇ ਦੋ ਮਹੀਨੇ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਤਾਂ ਦੂਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੀ ਵੀ ਮੁਸ਼ਕਲ ਹੋਈ ਪਈ ਹੈ।