ਮਹਾਰਾਸ਼ਟਰ ਤੋਂ ਅਗਵਾ ਕੀਤੀ ਕੁੜੀ ਫਰੀਦਾਬਾਦ ‘ਚ ਮਿਲੀ, ਦੋਸ਼ੀ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ: ਮਹਾਰਾਸ਼ਟਰ ਤੋਂ ਇਕ 13 ਸਾਲਾ ਨਾਬਾਲਗ ਕੁੜੀ ਦੇ ਅਗਵਾ ਮਾਮਲੇ 'ਚ ਮੁੰਬਈ ਪੁਲਸ ਨੇ ਸੋਮਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਇਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੋਸ਼ੀ ਦੇ ਚੰਗੁਲ ਤੋਂ ਕੁੜੀ ਨੂੰ ਛੁਡਾ ਲਿਆ ਹੈ। ਇਸ ਕੰਮ 'ਚ ਫਰੀਦਾਬਾਦ ਪੁਲਸ ਨੇ ਵੀ ਮੁੰਬਈ ਪੁਲਸ ਦਾ ਪੂਰਾ ਸਹਿਯੋਗ ਕੀਤਾ। ਪੁਲਸ ਬੁਲਾਰੇ ਅਨੁਸਾਰ ਮਹਾਰਾਸ਼ਟਰ ਦੇ ਠਾਣੇ ਸਥਿਤ ਕਲਿਆਣ ਬਸਤੀ 'ਚ ਰਹਿਣ ਵਾਲੀ 13 ਸਾਲਾ ਨਾਬਾਲਗ ਕੁੜੀ ਬੀਤੇ ਇਕ ਮਈ ਤੋਂ ਲਾਪਤਾ ਹੋ ਗਈ ਸੀ। ਬਾਅਦ 'ਚ ਕੁੜੀ ਦੇ ਪਰਿਵਾਰ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਸੇ ਇਲਾਕੇ ਦਾ ਇਕ ਨਿੱਜੀ ਟਿਊਸ਼ਨ ਦੇਣ ਵਾਲਾ ਅਧਿਆਪਕ ਵੀ ਉਸੇ ਦਿਨ ਤੋਂ ਲਾਪਤਾ ਹੈ। ਬਾਅਦ 'ਚ ਪੁਲਸ ਨੇ ਪਤਾ ਕੀਤਾ ਤਾਂ ਅਧਿਆਪਕ ਦੇ ਮੋਬਾਇਲ ਨੰਬਰ ਦੀ ਸਥਿਤੀ (ਲੋਕੇਸ਼ਨ) ਫਰੀਦਾਬਾਦ 'ਚ ਮਿਲੀ। ਉਨ੍ਹਾਂ ਨੇ ਫਰੀਦਾਬਾਦ ਪੁਲਸ ਨਾਲ ਸੰਪਰਕ ਕੀਤਾ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉੱਥੇ ਦੋਸ਼ੀ ਅਤੇ ਕੁੜੀ ਨੂੰ ਦੇਖਿਆ। ਇਸ ਤੋਂ ਬਾਅਦ ਮਹਾਰਾਸ਼ਟਰ ਪੁਲਸ ਦੀ ਇਕ ਟੀਮ ਫਰੀਦਾਬਾਦ ਪਹੁੰਚੀ ਅਤੇ ਉਸ ਨੇ ਕੁੜੀ ਨੂੰ ਛੁਡਾਇਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।