ਵਿਜੀਲੈਂਸ ਬਿਊਰੋ ਦੇ ਹੱਥ ਲੱਗੀ ਵੱਡੀ ਸਫਲਤਾ, ਨਕਲੀ ਜਨਮ ਸਰਟੀਫਿਕੇਟ ਬਣਾਉਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ: ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਨਕਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਕਤ ਵਿਅਕਤੀਆਂ ਕੋਲੋਂ ਅਧਿਕਾਰੀਆਂ ਨੇ 13 ਜਾਅਲੀ ਸਰਟੀਫਿਕੇਟ ਬਰਾਮਦ ਕੀਤੇ ਹਨ। ਵਿਜੀਲੈਂਸ ਬਿਓਰੇ ਦੇ ਐੱਸ.ਐੱਸ.ਪੀ. ਦਲਜੀਤ ਸਿੰਘ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਰਵਿੰਦਰ ਸਿੰਘ ਹੈਲਪਰ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ, ਗੋਲਡਨ ਐਵੀਨਿਊ ਅੰਮ੍ਰਿਤਸਰ, ਪ੍ਰਾਇਵੇਟ ਏਜੰਟ ਜੈ ਕਪੂਰ, ਇੰਦਰਾ ਕਲੋਨੀ ਮਜੀਠਾ ਰੋਡ ਅਤੇ ਇਕ ਹੋਰ ਏਜੰਟ ਸੁਨੀਲ ਕੁਮਾਰ ਸਟੈਨੋਗ੍ਰਾਫਰ ਜ਼ਿਲ੍ਹਾ ਕਚਿਹਿਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਨੇਂ ਦੱਸਿਆ ਕਿ ਇਕ ਹੋਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇਂ ਦੱਸਿਆ ਕਿ ਉਕਤ ਦੋਸ਼ੀਆਂ ਵਲੋਂ ਲੋਕਾਂ ਨੂੰ ਗੁਮਰਾਹ ਕਰਕੇ ਉਸ ਪਾਸੋਂ ਰਿਸ਼ਵਤ ਹਾਸਲ ਕਰਕੇ ਨਕਲੀ ਜਨਮ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਸਨ। ਇਸ ਮਾਮਲੇ ਦੀ ਜਾਂਚ ਕਰਨ ’ਤੇ 13 ਸਰਟੀਫਿਕੇਟ ਬਰਾਮਦ ਹੋਏ, ਜਿਨਾਂ ਵਿਚੋਂ 6 ਨਕਲੀ ਸਰਟੀਫਿਕੇਟ ਤਸਦੀਕ ਹੋਏ ਹਨ ਅਤੇ ਬਾਕੀ 7 ਜਨਮ ਸਰਟੀਫਿਕੇਟਾਂ ਦੇ ਪਤੇ ਅਧੂਰੇ ਹੋਣ ਕਰਕੇ ਜਾਂਚ ਨਹੀਂ ਹੋ ਸਕੀ।