ਚੋਰੀ ਦੀ ਕਣਕ ਵੇਚਣ ਜਾ ਰਹੇ ਵਿਅਕਤੀਆਂ ’ਚੋਂ 1 ਕਾਬੂ, 2 ਵਿਅਕਤੀ ਫ਼ਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਰੀ ਸਰਕਾਰੀ ਡੀਪੂ ਦੀ ਕਣਕ ਵੇਚਣ ਜਾ ਰਹੇ ਇਕ ਵਿਅਕਤੀ ਨੂੰ ਕਣਕ ਅਤੇ ਗੱਡੀ ਸਮੇਤ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਵਰ੍ਹਿਆਂ ਦੇ ਕੁਝ ਵਿਅਕਤੀ ਸਰਕਾਰੀ ਡਿਪੂ ਦੀ ਕਣਕ ਵੇਚਣ ਲਈ ਜਾ ਰਹੇ ਹਨ।

ਸੂਚਨਾ ਦੇ ਆਧਾਰ ’ਤੇ ਅੱਡਾ ਮੋਹਲੇਕੇ ਵਿਖੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਇਕ ਬਲੈਰੋ ਗੱਡੀ ਨੂੰ ਰੋਕਿਆ ਤਾਂ ਉਸ ਵਿੱਚੋਂ ਦੋ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਫ਼ਰਾਰ ਹੋ ਗਏ। ਗੱਡੀ ਦੇ ਡਰਾਈਵਰ ਨੂੰ ਪੁਲਸ ਨੇ ਕਾਬੂ ਕਰ ਲਿਆ, ਜਿਸ ਉਪਰੰਤ ਗੱਡੀ ਦਾ ਪਿਛਲਾ ਹਿੱਸਾ ਚੈੱਕ ਕਰਨ ’ਤੇ ਉਸ ਵਿੱਚ ਖੁੱਲ੍ਹੀ ਕਣਕ ਅਤੇ ਚੁਤਾਲੀ ਖੁੱਲ੍ਹੇ ਤੋੜੇ ਬਾਰਦਾਨੇ ਵਾਲੇ, ਜਿਨ੍ਹਾਂ ’ਤੇ ਪੰਜਾਬ ਸਰਕਾਰ 2021 ਤੇ 2022 ਲਿਖਿਆ ਹੋਇਆ ਸੀ, ਬਰਾਮਦ ਕਰ ਲਈ। ਕਾਬੂ ਕੀਤੇ ਗਏ ਵਿਅਕਤੀ ਨੇ ਆਪਣਾ ਨਾਮ ਦਇਆ ਸਿੰਘ ਉਰਫ ਰਾਜੂ ਦੱਸਿਆ ਹੈ।

ਮੁਲਜ਼ਮ ਨੇ ਦੱਸਿਆ ਕਿ ਮੇਰਾ ਪਿਤਾ ਜੱਗਾ ਸਿੰਘ ਵਰ੍ਹਿਆਂ ਦਾ ਡੀਪੂ ਹੋਲਡਰ ਹੈ। ਸਰਕਾਰੀ ਸਟਾਕ ਵਿਚ ਆਈ ਕਣਕ 22 ਕੁਇੰਟਲ ਮੈਂ ਅਤੇ ਮੇਰਾ ਭਰਾ ਮਨਜੀਤ ਸਿੰਘ ਲੋਪੋਕੇ ਵਾਲੀ ਸਾਈਡ ਵੇਚਣ ਜਾ ਰਹੇ ਸੀ।ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।