ਸਤਲੁਜ ਦਰਿਆ ‘ਚ ਨਹਾਉਣ ਗਏ 2 ਦੋਸਤ ਡੁੱਬੇ, 1 ਦੀ ਲਾਸ਼ ਬਰਾਮਦ, ਦੂਜੇ ਦੀ ਤਲਾਸ਼ ਜਾਰੀ

by nripost

ਸ੍ਰੀ ਮਾਛੀਵਾੜਾ ਸਾਹਿਬ (ਨੇਹਾ): ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਦੇ 2 ਨੌਜਵਾਨ ਅੱਜ ਨਹਾਉਣ ਲਈ ਦਰਿਆ ਦੇ ਪਾਣੀ ’ਚ ਉੱਤਰੇ ਤਾਂ ਉੱਥੇ ਉਹ ਰੁੜ ਗਏ, ਜਿਨ੍ਹਾਂ ’ਚੋਂ ਸ਼ੁਭਪ੍ਰੀਤ ਸਿੰਘ (29) ਦੀ ਲਾਸ਼ ਬਰਾਮਦ ਹੋ ਗਈ, ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ਼ ਰਾਜੂ ਦੀ ਗੋਤਾਖੋਰਾਂ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਗਹਿਰੇ ਦੋਸਤ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਪਣੇ 2 ਹੋਰ ਸਾਥੀਆਂ ਸਮੇਤ ਨੇਡ਼ੇ ਹੀ ਵਗਦੇ ਸਤਲੁਜ ਦਰਿਆ ’ਚ ਨਹਾਉਣ ਚਲੇ ਗਏ। ਸਤਲੁਜ ਦਰਿਆ ਕਿਨਾਰੇ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾਹ ਕੇ ਪਾਣੀ ’ਚ ਛਾਲ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਡੂੰਘਾ ਸੀ। ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸ਼ੁਭਪ੍ਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਗਹਿਰੇ ਪਾਣੀ ਦੀ ਲਪੇਟ ’ਚ ਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਅਤੇ ਨੇਡ਼ਲੇ ਹੀ ਪਿੰਡ ਦੇ ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਨੇ ਦਰਿਆ ’ਚ ਛਾਲ ਮਾਰ ਕੇ ਸ਼ੁਭਪ੍ਰੀਤ ਸਿੰਘ ਦੀ ਲਾਸ਼ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਵੱਲੋਂ ਗੁਰਮੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ’ਚ ਡੁੱਬਣ ਕਾਰਨ ਮਰਿਆ ਨੌਜਵਾਨ ਸ਼ੁਭਪ੍ਰੀਤ ਸਿੰਘ ਕਾਫ਼ੀ ਪਡ਼੍ਹਿਆ-ਲਿਖਿਆ ਸੀ। ਪਿੰਡ ਦਾ ਹਰੇਕ ਵਿਅਕਤੀ ਉਸਦੀ ਮੌਤ ਕਾਰਨ ਗ਼ਮਗੀਨ ਸੀ। ਦੂਸਰਾ ਨੌਜਵਾਨ ਗੁਰਮੀਤ ਸਿੰਘ ਪਿੰਡ ’ਚ ਹੀ ਮੋਬਾਈਲਾਂ ਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ, ਜਿਸ ਦੀਆਂ 2 ਛੋਟੀਆਂ ਧੀਆਂ ਹਨ। ਉਸ ਦੇ ਘਰ ਵੀ ਮਾਹੌਲ ਬੜਾ ਗ਼ਮਗੀਨ ਬਣਿਆ ਹੋਇਆ ਸੀ।