ਰਾਮ ਮੰਦਰ ਦੇ ਨਿਰਮਾਣ ਲਈ 5400 ਕਰੋੜ ਦਾ ਦਾਨ, 15000 ਚੈੱਕ ਬਾਊਂਸ

by jaskamal

ਨਿਊਜ਼ ਡੈਸਕ : ਯੂਪੀ ਦੇ ਅਯੁੱਧਿਆ 'ਚ ਇਕ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ। ਅਜਿਹੇ 'ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਆਉਣ ਵਾਲੇ ਸ਼ਰਧਾਲੂ ਨਾ ਸਿਰਫ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਰਹੇ ਹਨ, ਸਗੋਂ ਮੰਦਰ ਦੀ ਉਸਾਰੀ ਲਈ ਦਾਨ ਦੇਣ 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਦਾਅਵਾ ਹੈ ਕਿ ਹੁਣ ਤੱਕ ਲਗਭਗ 5400 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ। ਇਸ 'ਚੋਂ ਨਿਧੀ ਸਮਰਪਣ ਅਭਿਆਨ ਤਹਿਤ ਸਿਰਫ਼ ਤਿੰਨ ਮਹੀਨਿਆਂ 'ਚ ਹੀ ਟਰੱਸਟ ਨੂੰ 3500 ਕਰੋੜ ਰੁਪਏ ਪ੍ਰਾਪਤ ਹੋਏ ਹਨ। ਹਾਲਾਂਕਿ ਇਸ ਮੁਹਿੰਮ ਦੌਰਾਨ ਮਿਲੇ 15,000 ਚੈੱਕ ਬਾਊਂਸ ਵੀ ਹੋ ਗਏ ਹਨ, ਜਿਨ੍ਹਾਂ ਦੀ ਰਕਮ 22 ਕਰੋੜ ਦੇ ਕਰੀਬ ਬਣਦੀ ਹੈ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਫਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਟਰੱਸਟ ਦੀ ਨਿਧੀ ਸਮਰਪਣ ਅਭਿਆਨ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਸਮਾਂ ਜਨਵਰੀ ਤੋਂ ਮਾਰਚ ਤੱਕ ਸੀ। ਇਸ ਸਮੇਂ ਦੌਰਾਨ ਲੋਕ ਮੰਦਰ ਦੀ ਉਸਾਰੀ ਲਈ ਆਪਣੀ ਸ਼ਰਧਾ ਨਾਲ ਦਾਨ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਟਰੱਸਟ ਨੂੰ ਮੰਦਰ ਦੀ ਉਸਾਰੀ ਲਈ ਕਰੀਬ 5400 ਕਰੋੜ ਰੁਪਏ ਮਿਲ ਚੁੱਕੇ ਹਨ, ਜਿਸ 'ਚੋਂ ਕਰੀਬ 3500 ਕਰੋੜ ਰੁਪਏ ਇਕੱਲੇ ਨਿਧੀ ਸਮਰਪਣ ਅਭਿਆਨ ਦੌਰਾਨ ਆਏ ਹਨ। ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਨਿਧੀ ਸਮਰਪਣ ਅਭਿਆਨ ਦੇਸ਼ ਭਰ ਵਿੱਚ ਤਿੰਨ ਮਹੀਨਿਆਂ ਤੱਕ ਚੱਲੀ।