ਮੁੰਬਈ ਹਾਈਰਾਈਜ਼ ‘ਤੇ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 6 ਦੀ ਮੌਤ, 28 ਜ਼ਖਮੀ

by jaskamal

ਨਿਊਜ਼ ਡੈਸਕ (ਜਸਕਮਲ) : ਮੁੰਬਈ 'ਚ ਅੱਜ ਸਵੇਰੇ ਇਕ 20 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੁੰਬਈ ਦੇ ਤਾਰਦੇਓ ਇਲਾਕੇ 'ਚ ਗੋਵਾਲੀਆ ਟੈਂਕ 'ਤੇ ਗਾਂਧੀ ਹਸਪਤਾਲ ਦੇ ਸਾਹਮਣੇ ਕਮਲਾ ਬਿਲਡਿੰਗ ਦੀ 18ਵੀਂ ਮੰਜ਼ਿਲ 'ਤੇ ਸਵੇਰੇ 7 ਵਜੇ ਦੇ ਕਰੀਬ ਲੱਗੀ ਭਿਆਨਕ ਅੱਗ 'ਚ ਘੱਟੋ-ਘੱਟ 28 ਤੋਂ ਵਧ ਲੋਕ ਜ਼ਖਮੀ ਹੋ ਗਏ। ਸੁਰੱਖਿਆ ਦਸਤਿਆਂ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ ਤੇ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 6 ਤੇ ਜ਼ਖਮੀਆਂ ਦੀ ਗਿਣਤੀ 28 ਤੋਂ ਪਾਰ ਹੋ ਗਈ ਹੈ।

ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਦੱਸਿਆ 6 ਬਜ਼ੁਰਗਾਂ ਨੂੰ ਆਕਸੀਜਨ ਸਪੋਰਟ ਸਿਸਟਮ ਦੀ ਲੋੜ ਸੀ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆਂ ਬਹੁਤ ਜ਼ਿਆਦਾ ਹੈ। ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ।"ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਸਿਵਲ ਬਾਡੀ ਦੇ ਇਕ ਅਧਿਕਾਰੀ ਨੇ ਕਿਹਾ ਕਿ 13 ਫਾਇਰ ਇੰਜਣ ਤੇ ਸੱਤ ਵਾਟਰ ਜੈੱਟੀਆਂ, ਅੱਗ ਬੁਝਾਉਣ ਦਾ ਕੰਮ ਕਰ ਰਹੀਆਂ ਹਨ।

ਜ਼ਖਮੀਆਂ ਨੂੰ ਨਜ਼ਦੀਕੀ ਭਾਟੀਆ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ 'ਚੋਂ ਕਈ ਜ਼ਖਮੀਆਂ ਨੂੰ ਜਨਰਲ ਵਾਰਡ 'ਚ ਦਾਖਲ ਕਰਵਾਇਆ ਗਿਆ ਕਿਉਂਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਜਦਕਿ ਤਿੰਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਭਾਟੀਆ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਦੋ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਮੰਗਲ ਪ੍ਰਭਾਤ ਲੋਢਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ।