ਮੋਹਾਲੀ ਨੂੰ ਵੱਡੀ ਬੂਸਟ- SCL ‘ਚ 4500 ਕਰੋੜ ਦੀ ਮੇਗਾ ਨਿਵੇਸ਼ ਘੋਸ਼ਣਾ!

by nripost

ਮੋਹਾਲੀ (ਨੇਹਾ): ਕੇਂਦਰੀ ਸੂਚਨਾ ਅਤੇ ਪ੍ਰਸਾਰਨ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਮੁਹਾਲੀ ਸਥਿਤ ਕੌਮੀ ਮਿਆਰ ਦੀ ਸੈਮੀ ਕੰਡਕਟਰ ਲਿਮਟਿਡ (ਐੱਸ ਸੀ ਐੱਲ) ਫੈਕਟਰੀ ਨੂੰ ਵੇਚਣ ਦੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਸ ਨੂੰ ਵੇਚਣ ਦੀ ਕੋਈ ਵੀ ਗੱਲ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਨੇ ਇਹ ਦਾਅਵਾ ਅੱਜ ਇੱਥੇ ਸੈਮੀ ਕੰਡਕਟਰ ਫੈਕਟਰੀ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਭਾਜਪਾ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਮੌਜੂਦ ਸਨ।

ਸ੍ਰੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੈਮੀ ਕੰਡਕਟਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਵਿਦੇਸ਼ਾਂ ਵਿੱਚ ਆਈ ਸੀ ਚਿੱਪ ਦੀ ਬਰਾਮਦ ਦੇ ਮਕਸਦ ਨਾਲ ਐੱਸ ਸੀ ਐੱਲ ਨੂੰ ਅਪਗ੍ਰੇਡ ਕਰਨ ਲਈ 4,500 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਸ ਨਾਲ ਭਾਰਤ ਦੇ ਵਿਕਾਸ ਅਤੇ ਖੋਜ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਐੱਸ ਸੀ ਐੱਲ ਨੂੰ 25 ਏਕੜ ਥਾਂ ਦੀ ਲੋੜ ਹੈ ਅਤੇ ਕੇਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਤੋਂ ਇਸ ਵਾਸਤੇ ਜ਼ਮੀਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਇੱਥੇ ਵਿਸ਼ਵ ਪੱਧਰੀ ਲੈਬਾਰਟਰੀ ਬਣ ਸਕੇ। ਉਨ੍ਹਾਂ ਇੱਥੇ ਵਧੀਆ ਈਕੋ ਸਿਸਟਮ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਫੈਕਟਰੀ ਵਿੱਚ ਰਾਸ਼ਟਰਪਤੀ ਅਬਦੁਲ ਕਲਾਮ ਅਤੇ ਹੋਮੀ ਭਾਭਾ ਨੂੰ ਸਮਰਪਿਤ ਸਿਖਲਾਈ ਬਲਾਕ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਨੋਬੇਲ ਜੇਤੂ ਵਿਗਿਆਨੀ ਰਮਨ ਦੇ ਨਾਂ ਤੇ ਸੀ ਵੀ ਰਮਨ ਸੈਮੀ ਕੰਡਕਟਰ ਪ੍ਰੋਸੈਸ ਗੈਲਰੀ ਦਾ ਵੀ ਉਦਘਾਟਨ ਕੀਤਾ ਤੇ ਉੱਥੇ ਮੌਜੂਦ ਅਤਿ-ਆਧੁਨਿਕ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੈਮੀ ਕੰਡਕਟਰ ’ਚ ਵਧੀਆ ਕੰਮ ਕਰਨ ਵਾਲੇ ਕੁੱਝ ਵਿਗਿਆਨੀਆਂ ਨੂੰ ਸਨਮਾਨਿਤ ਵੀ ਕੀਤਾ।

ਸੈਮੀ ਕੰਡਕਟਰ ਲਿਮਟਿਡ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਕੇਂਦਰੀ ਮੰਤਰੀ ਨੂੰ ਸੰਸਥਾ ਵਿਚ ਚੱਲਦੇ ਸਮੁੱਚੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਫੈਕਟਰੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸ੍ਰੀ ਵੈਸ਼ਨਵ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 460 ਕਰੋੜ ਰੁਪਏ ਖਰਚ ਕੇ ਇਸ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਆਧੁਨਿਕੀਕਰਨ ਮਗਰੋਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਵਿਸ਼ਵ ਪੱਧਰ ’ਤੇ ਮਾਡਲ ਸਟੇਸ਼ਨ ਬਣ ਕੇ ਉੱਭਰੇਗਾ।

More News

NRI Post
..
NRI Post
..
NRI Post
..