NDPS ਮਾਮਲੇ ‘ਚ SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ, ਕਿਹਾ- ਮੈਂ ਤਾਂ 11 ਵਜੇ ਤੋਂ ਪਹਿਲਾਂ ਦਾ ਆ ਕੇ ਬੈਠਾਂ…

by jaskamal

ਨਿਊਜ਼ ਡੈਸਕ (ਜਸਕਮਲ) : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੁੱਧਵਾਰ ਨੂੰ ਆਪਣੇ ਖਿਲਾਫ ਦਰਜ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ। ਮਜੀਠੀਆ ਨੇ ਮੋਹਾਲੀ ਵਿਖੇ ਸਟੇਟ ਕ੍ਰਾਈਮ ਬ੍ਰਾਂਚ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਐਸਆਈਟੀ ਅੱਗੇ ਪੇਸ਼ ਹੋਣ ਲਈ ਸਵੇਰੇ 11 ਵਜੇ ਤੋਂ ਪਹਿਲਾਂ ਆਇਆ ਹਾਂ।

ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਸਾਬਕਾ ਮੰਤਰੀ ਹਰ ਸੰਭਵ ਜਾਂਚ 'ਚ ਮਦਦ ਕਰਨ ਲਈ ਤਿਆਰ ਹਨ। ਸੋਬਤੀ ਨੇ ਕਿਹਾ, “ਉਹ ਅੱਜ ਜਾਂਚ 'ਚ ਸ਼ਾਮਲ ਹੋਏ ਹਨ।ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਮਜੀਠੀਆ ਨੂੰ ਇਸ ਮਾਮਲੇ 'ਚ ਅਗਾਊਂ ਜ਼ਮਾਨਤ ਦਿੰਦੇ ਹੋਏ ਬੁੱਧਵਾਰ ਨੂੰ ਸਵੇਰੇ 11 ਵਜੇ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਦੇ ਸਾਬਕਾ ਮੰਤਰੀ ਨੂੰ ਸੁਣਵਾਈ ਦੀ ਅਗਲੀ ਤਰੀਕ ਤਕ ਦੇਸ਼ ਨਾ ਛੱਡਣ ਲਈ ਵੀ ਕਿਹਾ ਗਿਆ ਸੀ ਤੇ ਅੱਗੇ ਜਾਂਚ ਏਜੰਸੀ ਨੂੰ ਵ੍ਹਟਸਐਪ ਰਾਹੀਂ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨ ਲਈ ਕਿਹਾ ਗਿਆ ਸੀ।

ਮਜੀਠੀਆ (46), ਜਿਸ 'ਤੇ ਪਿਛਲੇ ਮਹੀਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਨੇ 24 ਦਸੰਬਰ ਨੂੰ ਮੋਹਾਲੀ ਦੀ ਇਕ ਅਦਾਲਤ ਵੱਲੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਖਾਰਜ ਕਰਨ ਤੋਂ ਬਾਅਦ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਪਿਛਲੇ ਮਹੀਨੇ ਆਪਣੇ ਖਿਲਾਫ ਐਨਡੀਪੀਐਸ ਕੇਸ ਦਰਜ ਹੋਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਪੇਸ਼ ਹੋਏ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਉਸ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਸਨ।