ਮਹਿਰਾਜ ਰੈਲੀ ’ਚ ਜਿਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੱਖਾ ਸਿਧਾਣਾ ਆਇਆ ਉਸਦੇ ਮਾਲਕ ਤੋਂ ਪੁਲਸ ਨੇ ਕੀਤੀ ਪੁੱਛਗਿੱਛ

by vikramsehajpal

ਰਾਮਪੁਰਾ ਫੂਲ (ਦੇਵ ਇੰਦਰਜੀਤ)- ਬੀਤੇ ਦਿਨ ਸੂਬੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਜੱਦੀ ਪਿੰਡ ਮਹਿਰਾਜ ਵਿਖੇ ਲੱਖਾ ਸਿਧਾਣਾ ਦੇ ਹੱਕ ’ਚ ਰੈਲੀ ਕੀਤੀ ਗਈ, ਜਿਸ ’ਚ ਲੱਖਾ ਸਿਧਾਣਾ ਨੂੰ ਸੁਣਨ ਲਈ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ’ਚ ਨੌਜਵਾਨ ਪਹੁੰਚੇ। ਲੱਖਾ ਸਿਧਾਣਾ ਇਸ ਰੈਲੀ ’ਚ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ ਤੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਮੋਟਰਸਾਈਕਲ ਚਲਾ ਕੇ ਹੀ ਵਾਪਸ ਗਿਆ ਸੀ।

ਲੱਖਾ ਸਿਧਾਣਾ ਨੂੰ ਫੜਣ ’ਚ ਅਸਫਲ ਰਹੀ ਪੁਲਸ ਹੁਣ ਇਸ ਰੈਲੀ ’ਤੇ ਪਹੁੰਚਣ ਸਮੇਂ ਵਰਤੇ ਮੋਟਰਸਾਈਕਲ ਦੇ ਮਾਲਕ ਤੋਂ ਪੁੱਛਗਿੱਛ ਕਰਨ ਲੱਗ ਪਈ, ਜਿਸ ਨੂੰ ਲੈ ਕੇ ਪੁਲਸ ਵਲੋਂ ਪਿੰਡ ਮਹਿਰਾਜ ਵਾਸੀ ਭੋਲਾ ਸਿੰਘ ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਪੁੱਛਗਿੱਛ ਲਈ ਲਿਆਂਦਾ ਗਿਆ। ਇਸਦਾ ਪਤਾ ਲੱਗਣ ’ਤੇ ਵੱਡੀ ਗਿਣਤੀ ’ਚ ਨੌਜਵਾਨ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਦਾਣਾ ਮੰਡੀ ਵਿਖੇ ਇਕੱਠੇ ਹੋਏ ’ਤੇ ਥਾਣਾ ਸਿਟੀ ਰਾਮਪੁਰਾ ਵਿਖੇ ਪਹੁੰਚ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਬੋਲਦਿਆਂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਜਦੋਂ ਲੱਖਾ ਸਿਧਾਣਾ ਮੋਟਰਸਾਈਕਲ ਰਾਹੀਂ ਰੈਲੀ ’ਚ ਆਉਣ ਸਮੇਂ ਕਈ ਪੁਲਸ ਨਾਕਿਆਂ ਤੋਂ ਗੁਜ਼ਰਿਆ ਤਾਂ ਪੁਲਸ ਨੂੰ ਲੱਖਾ ਦਿਖਾਈ ਨਹੀਂ ਦਿੱਤਾ, ਸਿਰਫ ਮੋਟਰਸਾਈਕਲ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਬਿਨਾਂ ਵਜ੍ਹਾ ਤੋਂ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਤਾਂ ਉਹ ਪੁਲਸ ਕਰਮਚਾਰੀਆਂ ਦਾ ਘਿਰਾਓ ਕਰਨਗੇ।

ਇਸ ਦੌਰਾਨ ਮੋਟਰਸਾਈਕਲ ਦੇ ਮਾਲਕ ਭੋਲਾ ਸਿੰਘ ਨੇ ਦੱਸਿਆ ਕਿ ਲੱਖਾ ਉਸਦਾ ਮੋਟਰਸਾਈਕਲ ਕਿਵੇਂ ਲੈ ਗਿਆ ਉਸ ਨੂੰ ਪਤਾ ਨਹੀਂ ਕਿਉਂਕੀ ਰੈਲੀ ਵਾਲੇ ਦਿਨ ਪਿੰਡ ’ਚ ਭੀੜ ਬਹੁਤ ਸੀ ਤੇ ਉਸਦੇ ਘਰ ਨੇੜੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਓਥੇ ਹੀ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।