ਸਰੀ ਵਿਚ ਜੱਲਿਆਂਵਾਲਾ ਬਾਗ ਗੋਲੀਕਾਂਡ ‘ਚ ਸ਼ਹੀਦ ਹੋਏ ਲੋਕਾਂ ਨੂੰ ਕੀਤਾ ਯਾਦ

by vikramsehajpal

ਵੈਨਕੂਵਰ (ਦੇਵ ਇੰਦਰਜੀਤ)- ਕੈਨੇਡੀਅਨ ਮੀਡੀਆ ਨਾਲ ਸਬੰਧਤ ਇੱਕ ਚੈਨਲ ਦੇ ਪ੍ਰਬੰਧਾਂ ਹੇਠ ਸਰੀ ਦੇ ਪਾਰਕ ਵਿੱਚ ਅੰਮ੍ਰਿਤਸਰ ਦੇ ਜੱਲਿਆਂਵਾਲਾ ਬਾਗ ਵਿੱਚ 102 ਸਾਲ ਪਹਿਲਾਂ ਅੰਗਰੇਜ਼ ਹਕੂਮਤ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਗਿਆ। ਗੋਲੀਕਾਂਡ ਨਾਲ ਸਬੰਧਤ ਕੁਝ ਫੋਟੋਆਂ ਟਿਕਾ ਕੇ ਲੋਕਾਂ ਦੇ ਚੇਤਿਆਂ ਵਿੱਚ ਹੂ-ਬ-ਹੂ ਦ੍ਰਿਸ਼ ਉਸਾਰਨ ਦਾ ਯਤਨ ਕੀਤਾ ਗਿਆ। ਕਰੋਨਾ ਪਬੰਦੀਆਂ ਕਾਰਨ ਸਮਾਗਮ ’ਚ ਇਕੱਤਰ ਲੋਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਪ੍ਰਭਾਵਸ਼ਾਲੀ ਸੀ।

ਬੁਲਾਰਿਆਂ ਨੇ ਕਿਹਾ ਕਿ ਨਿਹੱਥਿਆਂ ’ਤੇ ਗੋਲੀ ਜ਼ਾਲਮ ਤੇ ਬੁਜ਼ਦਿਲ ਲੋਕ ਹੀ ਚਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉੱਥੇ ਸ਼ਹੀਦੀ ਪਾਉਣ ਵਾਲੇ ਲੋਕ ਸਹੀ ਅਰਥਾਂ ਵਿੱਚ ਆਜ਼ਾਦੀ ਘੁਲਾਟੀਏ ਸਨ। ਬੁਲਾਰਿਆਂ ਨੇ ਕਿਸਾਨ ਸੰਘਰਸ਼ ਵਿੱਚ ਜਾਨ ਦੇਣ ਵਾਲੇ ਕਿਸਾਨਾਂ ਨੂੰ ਵੀ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸੇ ਦੌਰਾਨ ਮਿਆਂਮਾਰ ਵਿੱਚ ਲੋਕਤੰਤਰ ਪੱਖੀਆਂ ਦੀ ਹਮਾਇਤ ਕੀਤੀ ਗਈ।