ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਘਰੋਂ ਇਕ ਕਿਲੋ ਹੈਰੋਇਨ ਬਰਾਮਦ ਗ੍ਰਿਫ਼ਤਾਰ

by vikramsehajpal

ਤਰਨਤਾਰਨ (ਦੇਵ ਇੰਦਰਜੀਤ )- ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਦੀ ਕੋਠੀ ’ਤੇ ਐੱਸਟੀਐੱਫ ਨੇ ਮੰਗਲਵਾਰ ਨੂੰ ਛਾਪੇਮਾਰੀ ਕੀਤੀ। ਇਹ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ, ਜੋ ਸ਼ਾਮ ਸੱਤ ਵਜੇ ਤਕ ਜਾਰੀ ਰਹੀ। ਇਸ ਤੋਂ ਬਾਅਦ ਟੀਮ ਜੱਸੀ ਦੇ ਘਰੋਂ ਇਕ ਕਿਲੋ ਹੈਰੋਇਨ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਨਾਲ ਲੈ ਗਈ। ਛਾਪੇਮਾਰੀ ਟੀਮ ’ਚ ਚੰਡੀਗਡ਼੍ਹ, ਜਲੰਧਰ ਤੇ ਸੰਗਰੂਰ ਨਾਲ ਸਬੰਧਤ ਪੁਲਿਸ ਅਧਿਕਾਰੀ ਸ਼ਾਮਲ ਸਨ।

ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਚੰਬਲ ਵਾਸੀ ਜਸਵਿੰਦਰ ਕੌਰ ਜੱਸੀ ਦੀ ਆਲੀਸ਼ਾਨ ਕੋਠੀ ’ਚ ਸਵੇਰੇ ਐੱਸਟੀਐੱਫ ਨੇ ਦਸਤਕ ਦਿੱਤੀ। ਟੀਮ ਦੀ ਅਗਵਾਈ ਡੀਐੱਸਪੀ ਰੈਂਕ ਦੇ ਦੋ ਅਧਿਕਾਰੀਆਂ ਨੇ ਕਰਦੇ ਹੋਏ ਪੂਰੇ ਘਰ ਨੂੰ ਖੰਗਾਲਿਆ। ਟੀਮ ਦੇ ਨਾਲ ਇਕ ਗੱਡੀ ’ਚ ਗੁਰਮੀਤ ਸਿੰਘ ਮੀਤਾ ਵਾਸੀ ਪਿੰਡ ਭੈਲ ਨਾਂ ਦਾ ਸਮੱਗਲਰ ਵੀ ਸੀ। ਸਮੱਗਲਰ ਮੀਤਾ ਦੇ ਸਾਹਮਣੇ ਜਸਵਿੰਦਰ ਕੌਰ ਜੱਸੀ ਕੋਲੋਂ ਬਾਕਾਇਦਾ ਪੁੱਛਗਿੱਛ ਵੀ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਸਮੱਗਲਰ ਮੀਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਜਸਵਿੰਦਰ ਕੌਰ ਜੱਸੀ ਕੋਲੋਂ ਹੈਰੋਇਨ ਦੀ ਖੇਪ ਲੈ ਕੇ ਗਿਆ ਸੀ। ਐੱਸਟੀਐੱਫ ਦੀ ਟੀਮ ਨੇ ਛਾਪੇਮਾਰੀ ਦੌਰਾਨ ਸਥਾਨਕ ਪੁਲਿਸ ਨੂੰ ਨਾ ਤਾਂ ਆਉਣ ਦੀ ਜਾਣਕਾਰੀ ਦਿੱਤੀ ਤੇ ਨਾ ਹੀ ਕਿਸੇ ਨੂੰ ਕੋਠੀ ’ਚ ਆਉਣ ਦਿੱਤਾ ਗਿਆ।

ਐੱਸਪੀ (ਨਾਰਕੋਟਿਕਸ) ਜਗਜੀਤ ਸਿੰਘ ਵਾਲੀਆ ਨੇ ਸ਼੍ਰੋਅਦ ਨੇਤਾ ਜਸਵਿੰਦਰ ਕੌਰ ਜੱਸੀ ਦੀ ਗ੍ਰਿਫ਼ਤਾਰੀ ਤੇ ਉਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਸ਼੍ਰੋਅਦ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਰੁਪਿੰਦਰ ਕੌਰ ਤੇ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਜਸਵਿੰਦਰ ਕੌਰ ਜੱਸੀ ਦੇ ਐੱਸਟੀਐੱਫ ਨੇ ਦਸਤਕ ਕਿਉਂ ਦਿੱਤੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।