ਬੁਢਲਾਡੇ ਦੇ ਰਿਲਾਇੰਸ ਪੈਟਰੋਲ ਪੰਪ ‘ਤੇ ਕਿਸਾਨਾਂ ਵੱਲੋਂ ਆਰੰਭ ਧਰਨਾ 229 ਵੇਂ ਦਿਨ ਦਾਖਲ

by vikramsehajpal

ਬੁਢਲਾਡਾ (ਕਰਨ) -ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਚੱਲ ਰਿਹਾ ਲੜੀਵਾਰ ਧਰਨਾ ਅੱਜ 229 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਧਰਨੇ ਦੌਰਾਨ ਧਰਨਾਕਾਰੀ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ਅਤੇ ਤਿੱਖੀ ਨਾਅਰੇਬਾਜ਼ੀ ਵੀ ਕੀਤੀ।
ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾ. ਬਲਦੇਵ ਸਿੰਘ ਗੁਰਨੇ ਕਲਾਂ , ਫਰੀਡਮ ਫਾਈਟਰ ਐਸੋਸੀਏਸ਼ਨ ਦੇ ਸੂਬਾਈ ਜਸਵੰਤ ਸਿੰਘ ਬੁਢਲਾਡਾ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਅੰਨਦਾਤੇ ਨੂੰ ਸੜਕਾਂ 'ਤੇ ਰੋਲ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਕਠਪੁੱਤਲੀ ਬਣੀ ਹੋਈ ਹੈ। ਲੋਕਤੰਤਰੀ ਪ੍ਰਬੰਧ ਵਿੱਚ ਸਰਕਾਰਾਂ ਦਾ ਅਜਿਹਾ ਵਰਤਾਰਾ ਆਵਾਮ ਨੂੰ ਅੰਦੋਲਨਾਂ ਦੇ ਰਾਹ ਪੈਣ ਲਈ ਮਜਬੂਰ ਕਰਦਾ ਹੈ , ਇਨ੍ਹਾਂ ਅੰਦੋਲਨਾਂ ਸਦਕਾ ਜਨਤਾ ਵਿੱਚ ਸਿਆਸੀ ਚੇਤੰਨਤਾ ਪੈਦਾ ਹੁੰਦੀ ਹੈ ਅਤੇ ਦੇਸ਼ ਨਵੀਂ ਦਿਸ਼ਾ ਵੱਲ ਕਦਮ ਪੁੱਟਦਾ ਹੈ , ਜੋ ਦੇਸ਼ ਦੀ ਜਨਤਾ ਲਈ ਸ਼ੁਭ ਸ਼ਗਨ ਅਤੇ ਲੋਟੂ ਹਾਕਮਾਂ ਲਈ ਖਤਰੇ ਦੀ ਘੰਟੀ ਹੁੰਦਾ ਹੈ ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਮੌਜੂਦਾ ਕਿਸਾਨ ਅੰਦੋਲਨ ਦੀ ਮੁੱਖ ਲੜਾਈ ਸੰਸਾਰ ਕਾਰਪੋਰੇਟ ਜਗਤ ਦੇ ਨਾਲ ਹੈ ਅਤੇ ਇਸ ਲੋਟੂ ਟੋਲੇ ਤੋਂ ਜਲ , ਜੰਗਲ ਅਤੇ ਜਮੀਨ ਸਮੇਤ ਦੇਸ਼ ਦੇ ਕੁੱਦਰਤੀ ਸੋਮਿਆਂ ਨੂੰ ਬਚਾਉਣ ਦੀ ਵੱਡੀ ਅਤੇ ਇਤਿਹਾਸਿਕ ਲੜਾਈ ਹੈ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਨੌਜਵਾਨ ਕਿਸਾਨ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਤੇਜ ਰਾਮ ਅਹਿਮਦਪੁਰ , ਸਰੂਪ ਸਿੰਘ ਗੁਰਨੇ ਕਲਾਂ , ਨੰਬਰਦਾਰ ਗੁਰਜੰਟ ਸਿੰਘ ਅਹਿਮਦਪੁਰ , ਸਾਬਕਾ ਮੁਲਾਜ਼ਮ ਆਗੂ ਜਵਾਲਾ ਸਿੰਘ ਗੁਰਨੇ ਖੁਰਦ , ਗੁਰਦਰਸ਼ਨ ਸਿੰਘ ਰੱਲੀ , ਜਵਾਲਾ ਸਿੰਘ ਗੁਰਨੇ ਖੁਰਦ , ਭੂਰਾ ਸਿੰਘ ਅਹਿਮਦਪੁਰ , ਭੋਲਾ ਸਿੰਘ ਸਾਗੂ , ਤੇਜ ਰਾਮ ਅਹਿਮਦਪੁਰ , ਮੱਲ ਸਿੰਘ ਬੋੜਾਵਾਲ , ਮਿੱਠੂ ਸਿੰਘ ਅਹਿਮਦਪੁਰ ਆਦਿ ਨੇ ਵੀ ਸੰਬੋਧਨ ਕੀਤਾ ।