ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਐੱਨਆਰਆਈ ਨੂੰ ਏਅਰਪੋਰਟ ਤੋਂ ਵਾਪਸ ਭੇਜਿਆ ਕੈਨੇਡਾ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) - ਕਿਸਾਨੀ ਅੰਦੋਲਨ ਪਿਛਲੇ 11 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਅੰਦੋਲਨ ਵਿਚ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਸਰਕਾਰ ਵੱਲੋਂ ਬਖਸ਼ਿਆਂ ਨਹੀਂ ਜਾ ਰਿਹਾ। ਦਰਅਸਲ ਇਕ ਐੱਨਆਰਆਈ ਨੂੰ ਪੰਜਾਬ ਨਹੀਂ ਆਉਣ ਦਿੱਤਾ ਗਿਆ ਜੋ ਕਿ ਅਪਣੀ ਧੀ ਦੇ ਵਿਆਹ ਲਈ ਕੈਨੇਡਾ ਤੋਂ ਪੰਜਾਬ ਆ ਰਿਹਾ ਸੀ, ਉਸ ਨੂੰ ਦਿੱਲੀ ਦੇ ਏਅਰਪੋਰਟ 'ਤੇ ਹੀ ਰੋਕ ਦਿੱਤਾ ਗਿਆ। ਇਹ ਐੱਨਆਰਆਈ ਸਾਬਕਾ ਕੈਬਿਨਟ ਮੰਤਰੀ ਤੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਭਰਾ ਦਰਸ਼ਨ ਧਾਲੀਵਾਲ ਨੇ ਜਿਨ੍ਹਾਂ ਨੂੰ ਪੰਜਾਬ ਆਉਣ ਤੋਂ ਰੋਕ ਦਿੱਤਾ ਗਿਆ ਹੈ ਤੇ ਵਾਪਸ ਉਸੇ ਫਲਾਈਟ ਰਾਂਹੀ ਕੈਨੇਡਾ ਭੇਜ ਦਿੱਤਾ ਗਿਆ ਹੈ।


ਦਰਅਸਲ ਦਰਸ਼ਨ ਧਾਲੀਵਾਲ ਦੀ ਧੀ ਦਾ 31 ਅਕਤੂਬਰ ਨੂੰ ਵਿਆਹ ਹੈ ਜਿਸ ਕਰ ਕੇ ਉਹ ਪੰਜਾਬ ਆ ਰਹੇ ਸਨ। ਉਹਨਾਂ ਨੂੰ ਵਾਪਸ ਭੇਜਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਸਾਨ ਅੰਦੋਲਨ ਵਿਚ ਲੰਗਰ ਦੀ ਸੇਵਾ ਕੀਤੀ ਸੀ। ਇਸ ਮੌਕੇ ਦਰਸ਼ਨ ਧਾਲੀਵਾਲ ਨੂੰ ਕਿਹਾ ਗਿਆ ਕਿ ਪਹਿਲਾਂ ਕਿਸਾਨ ਅੰਦੋਲਨ ਵਿਚ ਲੰਗਰ ਲਗਾਉਣਾ ਬੰਦ ਕਰ ਦਿਓ, ਸੇਵਾ ਕਰਨੀ ਬੰਦ ਕਰ ਦਿਓ ਤਾਂ ਫਿਰ ਤੁਹਾਨੂੰ ਪੰਜਾਬ ਆਉਣ ਦੇ ਦਿੱਤਾ ਜਾਵੇਗਾ ਪਰ ਦਰਸ਼ਨ ਧਾਲੀਵਾਲ ਨੇ ਅਪਣੀ ਸੇਵਾ ਬੰਦ ਕਰਨ ਨੂੰ ਨਾ ਕਰ ਦਿੱਤੀ ਤੇ ਇਸੇ ਕਰ ਕੇ ਹੀ ਉਹਨਾਂ ਨੂੰ ਵਾਪਸ ਉਸੇ ਫਲਾਈਟ ਦੌਰਾਨ ਵਾਪਸ ਭੇਜ ਦਿੱਤਾ।


ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਰੱਖੜਾ ਦਾ ਕਹਿਣਾ ਹੈ ਕਿ ਧਾਲੀਵਾਲ ਨੂੰ 50 ਸਾਲ ਹੋ ਗਏ ਨੇ ਵਿਦੇਸ਼ ਵਿਚ ਰਹਿੰਦਿਆਂ ਤੇ ਉਹ ਕਿੰਨੀ ਵਾਰ ਪੰਜਾਬ ਆ ਚੁੱਕੇ ਨੇ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੂੰ ਅੰਦੋਲਨ ਵਿਚ ਸੇਵਾ ਕਰਨ ਕਰ ਕੇ ਪੰਜਾਬ ਆਉਣ ਤੋਂ ਰੋਕਿਆ ਗਿਆ ਹੈ।