8 ਸਾਲਾ ਬੱਚੇ ਨਾਲ 40 ਸਾਲਾ ਕਿਸਾਨ ਨੇ ਕੀਤੀ ਬਦਫ਼ੈਲੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇਕ 40 ਸਾਲਾ ਵਿਅਕਤੀ ਵਲੋਂ 8 ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪੀੜ੍ਹਤ ਬੱਚੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਗਰਾਊਂਡ ’ਚ ਖੇਡ ਰਿਹਾ ਸੀ, ਉਦੋਂ ਦੋਸ਼ੀ ਉਸ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਨਾਲ ਸਰੀਰਿਕ ਸੋਸ਼ਣ ਕੀਤਾ ਤੇ ਉਸਦਾ ਮੂੰਹ ਦਬਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਪੀੜ੍ਹਤ ਬੱਚੇ ਦੀ ਮਾਤਾ ਹਰਪ੍ਰੀਤ ਕੌਰ ਤੇ ਦਾਦਾ ਬਿੱਲੂ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇਕ 40 ਸਾਲਾ ਕਿਸਾਨ ਬਲਬੀਰ ਸਿੰਘ ਗਰਾਊਂਡ ’ਚ ਖੇਡ ਰਹੇ ਉਨ੍ਹਾਂ ਦੇ 8 ਸਾਲਾ ਪੁੱਤਰ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਨੇ ਬੱਚੇ ਨਾਲ ਇਹ ਸ਼ਰਮਨਾਕ ਹਰਕਤ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਬੱਚੇ ਨੂੰ ਦਾਖਲ ਕਰਵਾਉਣ ਗਏ ਤਾਂ ਉਨ੍ਹਾਂ ਨੇ ਬੱਚੇ ਨੂੰ ਦਾਖ਼ਲ ਕਰਨ ਤੋਂ ਜਵਾਬ ਦੇ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਨੇ ਧਨੌਲਾ ਦੇ ਸਰਕਾਰ ਹਸਪਤਾਲ ’ਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਬੱਚੇ ਦੇ ਖੂਨ ਵਾਲੇ ਕੱਪੜੇ ਪੁਲਿਸ ਤੇ ਸਰਪੰਚ ਨੂੰ ਦਿਖਾ ਦਿੱਤੇ ਹਨ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।