ਨਵਜੰਮੇ ਬੱਚੇ ਨੂੰ ਘਰ ਜਾਣਾ ਵੀ ਨਾ ਹੋਇਆ ਨਸੀਬ; ਟਰੱਕ ‘ਚ ਵੱਜੀ ਐਂਬੂਲੈਂਸ, ਮੌਤ

by jaskamal

ਨਿਊਜ਼ ਡੈਸਕ (ਜਸਕਮਲ) : ਪੀਜੀਆਈ ਚੰਡੀਗੜ੍ਹ ਤੋਂ ਐਂਬੂਲੈਂਸ 'ਚ ਇਕ ਵਿਅਕਤੀ ਨਵਜੰਮੇ ਬੱਚੇ ਨੂੰ ਲੈ ਕੇ ਕੈਥਲ ਪਰਤ ਰਿਹਾ ਸੀ ਕਿ ਚੰਡੀਗੜ੍ਹ ਹਾਈਵੇਅ ’ਤੇ ਭਾਂਖਰਪੁਰ ਕੋਲ ਇਕ ਟਰੱਕ ਦੇ ਪਿੱਛੇ ਐਂਬੂਲੈਂਸ ਜਾ ਵੱਜੀ। ਇਸ ਹਾਦਸੇ 'ਚ ਨਵਜੰਮੇ ਮੁੰਡੇ ਦੀ ਮੌਤ ਹੋ ਗਈ, ਜਦਕਿ ਪਿਤਾ ਗੰਭੀਰ ਜ਼ਖਮੀ ਹੋ ਗਿਆ। ਪਿਤਾ ਨੂੰ ਪੰਚਕੂਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਐਂਬੂਲੈਂਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਤੜਕੇ 3 ਵਜੇ ਵਾਪਰਿਆ। ਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਕੈਥਲ ਦੇ ਰਹਿਣ ਵਾਲੇ 28 ਸਾਲਾ ਸੰਦੀਪ ਕੁਮਾਰ ਦੇ ਘਰ ਪਿਛਲੇ ਮਹੀਨੇ ਦੋ ਜੋੜੇ ਬੱਚੇ ਹੋਏ। ਦੋਵਾਂ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ’ਤੇ ਉਨ੍ਹਾਂ ਨੂੰ ਬੀਤੇ ਦਿਨ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ। ਰਾਤ ਇਕ ਵਜੇ ਨਵਜੰਮੀ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਨਵਜੰਮੇ ਮੁੰਡੇ ਨੂੰ ਡਾਕਟਰਾਂ ਨੇ ਠੀਕ ਦੱਸ ਕੇ ਛੁੱਟੀ ਦੇ ਦਿੱਤੀ।

ਸੰਦੀਪ ਆਪਣੀ ਨਵਜੰਮੀ ਧੀ ਦੀ ਲਾਸ਼ ਅਤੇ ਡਾਕਟਰਾਂ ਵੱਲੋਂ ਠੀਕ ਦੱਸੇ ਗਏ ਨਵਜੰਮੇ ਪੁੱਤ ਨੂੰ ਲੈ ਕੇ ਈਕੋ-ਵੈਨ ਐਂਬੂਲੈਂਸ ਵਿਚ ਕੈਥਲ ਪਰਤ ਰਿਹਾ ਸੀ। ਇਸੇ ਦੌਰਾਨ ਭਾਂਖਰਪੁਰ 'ਚ ਸੜਕ 'ਤੇ ਖੜ੍ਹੇ ਇਕ ਟਰੱਕ ਦੇ ਪਿੱਛੇ ਐਂਬੂਲੈਂਸ ਦੀ ਟੱਕਰ ਹੋ ਗਈ।