ਪੰਜਾਬ ’ਚ ਪੇਸ਼ ਕੀਤਾ ਜਾਵੇ ਵੱਖਰਾ ਖੇਤੀਬਾੜੀ ਬਜਟ : ਪ੍ਰਤਾਪ ਸਿੰਘ ਬਾਜਵਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਅੱਜ ਰਾਜ ਸਭਾ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਤਾਮਿਲਨਾਡੂ ਸਰਕਾਰ ਵੱਲੋਂ ਆਪਣੇ ਸੂਬੇ ਅੰਦਰ ਖੇਤੀਬਾੜੀ ਲਈ ਐਲਾਨੇ ਗਏ ਪਹਿਲੇ ਵੱਖਰੇ ਬਜਟ ਦੇ ਸਬੰਧ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਦੂਸਰੀ ਹਰੀ ਕ੍ਰਾਂਤੀ ਦੀ ਦਹਿਲੀਜ਼ ’ਤੇ ਖੜ੍ਹੇ ਪੰਜਾਬ ਨੂੰ ਵੱਖਰੇ ਖੇਤੀਬਾੜੀ ਬਜਟ ਦੀ ਸਖਤ ਲੋੜ ਹੈ। ਇਸ ਚਿੱਠੀ ਰਾਹੀਂ ਬਾਜਵਾ ਨੇ ਕਿਹਾ ਕਿ ਡੀ. ਐੱਮ. ਕੇ. ਸਰਕਾਰ ਨੇ ਦੱਖਣੀ ਸੂਬੇ ’ਚ ਖੇਤੀਬਾੜੀ ਖੇਤਰ ਦੀਆਂ ਸਮੱਸਿਆਵਾਂ ਨਾਲ ਨਜਿੱਠਣ ’ਚ ਆਪਣੀ ਗੰਭੀਰਤਾ ਦਿਖਾਈ ਹੈ

ਤਾਮਿਲਨਾਡੂ ਸੂਬਾ ਦੇਸ਼ ਅੰਦਰ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਬਾਅਦ ਖੇਤੀਬਾੜੀ ਲਈ ਵੱਖਰਾ ਬਜਟ ਰੱਖਣ ਵਾਲਾ ਤੀਜਾ ਸੂਬਾ ਬਣ ਗਿਆ ਹੈ। ਬਾਜਵਾ ਨੇ ਕਿਹਾ ਕਿ ਖੇਤੀਬਾੜੀ ਦਾ ਧੰਦਾ ਪੰਜਾਬ ਦੇ ਸੱਭਿਆਚਾਰ ਦਾ ਅਟੁੱਟ ਅੰਗ ਰਿਹਾ ਹੈ ਅਤੇ ਹਰੀ ਕ੍ਰਾਂਤੀ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਸਖਤ ਮਿਹਨਤ ਨੇ ਪੂਰੇ ਦੇਸ਼ ’ਚ ਅਨਾਜ ਦੀ ਲੋੜ ਪੂਰੀ ਕੀਤੀ ਸੀ। ਹੁਣ ਵੀ ਜਦੋਂ ਪੰਜਾਬ ਦੂਸਰੀ ਹਰੀ ਕ੍ਰਾਂਤੀ ਦੀ ਦਹਿਲੀਜ਼ ’ਤੇ ਖੜ੍ਹਾ ਹੈ ਤਾਂ ਪੰਜਾਬ ਦੇ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਝੋਨੇ/ਕਣਕ ਦੇ ਚੱਕਰ ’ਚੋਂ ਕੱਢਣ ਲਈ ਫੌਰੀ ਤੌਰ ’ਤੇ ਸਖਤ ਕਦਮ ਚੁੱਕਣ ਦੀ ਲੋੜ ਹੈ।

ਇਸ ਲਈ ਹੁਣ ਪੰਜਾਬ ’ਚ ਵੀ ਵੱਖਰਾ ਖੇਤੀਬਾੜੀ ਬਜਟ ਹੋਣਾ ਜ਼ਰੂਰੀ ਹੈ। ਇਹ ਵੱਖਰਾ ਖੇਤੀਬਾੜੀ ਬਜਟ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ ਅਤੇ ਸਹਿਯੋਗੀ ਉਦਯੋਗਾਂ ਵਿਚਕਾਰ ਸਰਕਾਰ ਦੀ ਹਿੱਸੇਦਾਰੀ ਅਤੇ ਖੇਤੀਬਾੜੀ ਦੇ ਕੰਮ ਨੂੰ ਹੁਲਾਰਾ ਦੇਵਾਗਾ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਲਈ ਵੱਖਰਾ ਖੇਤੀਬਾੜੀ ਬਜਟ ਪੇਸ਼ ਕਰਨ ਦਾ ਐਲਾਨ ਕਰਨ ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਸਮਾਜਿਕ ਅਤੇ ਆਰਥਿਕ ਤਬਦੀਲੀ ਦੀ ਅਗਵਾਈ ਕਰਦੀ ਰਹੀ ਹੈ ਅਤੇ ਸਾਰਿਆਂ ਲਈ ਵਧੇਰੇ ਨਿਆਂਪੂਰਨ ਜੀਵਨ ਨੂੰ ਯਕੀਨੀ ਬਣਾਉਂਦੀ ਰਹੀ ਹੈ।