ਮਲਕਾਨਗਿਰੀ (ਪਾਇਲ): ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਵੱਡੀ ਹਿੰਸਾ ਭੜਕ ਗਈ ਜਦੋਂ ਇੱਕ ਹਥਿਆਰਬੰਦ ਕਬਾਇਲੀ ਭੀੜ ਨੇ ਬੰਗਲਾਦੇਸ਼ੀ ਮੂਲ ਦੇ ਲੋਕਾਂ ਦੇ ਪਿੰਡ ਐਮਵੀ-26 ਉੱਤੇ ਹਮਲਾ ਕਰ ਦਿੱਤਾ ਅਤੇ ਲਗਭਗ 150 ਘਰਾਂ ਨੂੰ ਅੱਗ ਲਗਾ ਦਿੱਤੀ। ਇਹ ਹਮਲਾ ਇੱਕ ਗੁੰਮਸ਼ੁਦਾ ਆਦਿਵਾਸੀ ਔਰਤ, ਲੇਕ ਪਦਿਆਮੀ (51), ਦਾ ਕੱਟਿਆ ਸਿਰ ਮਿਲਣ ਤੋਂ ਬਾਅਦ ਹੋਇਆ। ਔਰਤ ਦਾ ਸਿਰ ਨੇੜਲੇ ਰਾਖਲਗੁਡਾ ਪਿੰਡ ਦੇ ਦਰਿਆ ਕਿਨਾਰੇ ਮਿਲਿਆ, ਜਿਸ ਤੋਂ ਬਾਅਦ ਸਥਾਨਕ ਆਦਿਵਾਸੀ ਭਾਈਚਾਰੇ ਵਿੱਚ ਭਾਰੀ ਗੁੱਸਾ ਫੈਲ ਗਿਆ।
ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਅਤੇ ਪੂਰੇ ਜ਼ਿਲ੍ਹੇ ਵਿੱਚ ਸ਼ਾਮ 6 ਵਜੇ ਤੋਂ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ। ਪ੍ਰਸ਼ਾਸਨ ਨੇ ਸੰਭਾਵਿਤ ਪ੍ਰਤੀਕਿਰਿਆਵਾਂ ਨੂੰ ਰੋਕਣ ਲਈ ਪੁਲਿਸ ਦੀਆਂ 8 ਪਲਟਨਾਂ ਅਤੇ ਬੀਐਸਐਫ ਦੀਆਂ ਦੋ ਪਲਟਨਾਂ ਤਾਇਨਾਤ ਕੀਤੀਆਂ ਹਨ। ਜਿਸ ਦੌਰਾਨ ਮਲਕਾਨਗਿਰੀ ਪੁਲਿਸ ਨੇ ਇਲਾਕੇ ਵਿੱਚ ਫਲੈਗ ਮਾਰਚ ਵੀ ਕੀਤਾ। ਡੀਆਈਜੀ (ਦੱਖਣੀ-ਪੱਛਮੀ) ਕੰਵਰ ਵਿਸ਼ਾਲ ਸਿੰਘ, ਜ਼ਿਲ੍ਹਾ ਕੁਲੈਕਟਰ ਸੋਮੇਸ਼ ਕੁਮਾਰ ਉਪਾਧਿਆਏ ਅਤੇ ਐਸਪੀ ਵਿਨੋਦ ਪਾਟਿਲ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਦੋਵਾਂ ਸਮੂਹਾਂ ਨਾਲ ਮੀਟਿੰਗਾਂ ਕੀਤੀਆਂ। ਪੁਲਿਸ ਨੇ ਐਮਵੀ-26 ਪਿੰਡ 'ਚ ਹੋਏ ਹਮਲੇ ਦੇ ਸਬੰਧ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਦਕਿ ਕਈ ਲੋਕ ਫਰਾਰ ਦੱਸੇ ਜਾ ਰਹੇ ਹਨ।
ਆਦਿਵਾਸੀ ਜਥੇਬੰਦੀਆਂ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਅਤੇ ਔਰਤ ਦੇ ਕੱਟੇ ਸਿਰ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਐਮਵੀ-26 ਪਿੰਡ ਦੇ ਸੁਕਾ ਰੰਜਨ ਮੰਡਲ ਨੇ ਜਾਇਦਾਦ ਦੇ ਵਿਵਾਦ ਕਾਰਨ ਔਰਤ ਦੀ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਹਜਾਰਾਂ ਦੀ ਭੀੜ ਹਥਿਆਰਾਂ ਨਾਲ ਐਮਵੀ-25 ਖੇਤਰ ਵਿੱਚ ਇਕੱਠੀ ਹੋ ਗਈ, ਜਿਸ ਕਾਰਨ ਸਥਿਤੀ ਵਿਗੜ ਗਈ।
ਹਿੰਸਕ ਭੀੜ ਨੇ ਐਮਵੀ-26 ਅਤੇ ਰਾਖਲਗੁਡਾ ਪਿੰਡ ਵਿੱਚ ਭੰਨਤੋੜ ਕੀਤੀ ਅਤੇ ਘਰਾਂ ਅਤੇ ਘਾਹ ਦੇ ਢੇਰਾਂ ਨੂੰ ਅੱਗ ਲਾ ਦਿੱਤੀ। ਇਸ ਨਾਲ ਦੋਵਾਂ ਭਾਈਚਾਰਿਆਂ ਵਿਚਾਲੇ ਤਣਾਅ ਹੋਰ ਵਧ ਗਿਆ। ਜ਼ਿਲ੍ਹੇ ਵਿੱਚ ਹਾਲੇ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਪਰ ਪੁਲੀਸ ਦਾ ਦਾਅਵਾ ਹੈ ਕਿ ਵਿਵਸਥਾ ਕਾਬੂ ਹੇਠ ਹੈ। ਐਸਪੀ ਵਿਨੋਦ ਪਾਟਿਲ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।


