ਤੁਰੰਤ ਬਰਖ਼ਾਸਤ ਕੀਤਾ ਜਾਵੇ ਸਿੱਧੂ ਵੱਲੋਂ ਨਿਯੁਕਤ ਸਲਾਹਕਾਰ : ਹਰੀਸ਼ ਰਾਵਤ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਨਿਯੁਕਤ ਕੀਤੇ ਸਲਾਹਕਾਰਾਂ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਸਿੱਧੂ ਦੇ ਸਲਾਹਕਾਰਾਂ ਦੀ ਬਿਆਨਬਾਜ਼ੀ ਨਿੰਦਣਯੋਗ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।

ਹਰੀਸ਼ ਰਾਵਤ ਨੇ ਕਿਹਾ ਹੈ ਕਿ ਜੇਕਰ ਸਿੱਧੂ ਵੱਲੋਂ ਇਨ੍ਹਾਂ ਸਲਾਹਕਾਰਾਂ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਤਾਂ ਪਾਰਟੀ ਪ੍ਰਭਾਰੀ ਹੋਣ ਦੇ ਨਾਤੇ ਉਹ ਇਨ੍ਹਾਂ ਨੂੰ ਬਰਖ਼ਾਸਤ ਕਰ ਦੇਣਗੇ। ਉਨ੍ਹਾਂ ਦੇ ਬਿਆਨ ਪਾਰਟੀ ਲਾਈਨ ਦੇ ਖ਼ਿਲਾਫ਼ ਹਨ ਅਤੇ ਦੇਸ਼ ਹਿੱਤ ਦੇ ਖ਼ਿਲਾਫ਼ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਕਸ਼ਮੀਰ ’ਤੇ ਕਾਂਗਰਸ ਦੀਆਂ ਨੀਤੀਆਂ ਸਾਫ਼ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਸਲਾਹਕਾਰ ਨੂੰ ਸਮਝਾਉਣ ਕਿ ਉਹ ਸਿਰਫ਼ ਸਲਾਹ ਦੇਣ ਤੱਕ ਸੀਮਤ ਰਹਿਣ।

ਕਾਂਗਰਸ ਦੇ ਨੀਤੀਗਤ ਮਾਮਲਿਆਂ ’ਤੇ ਟਿੱਪਣੀ ਨਾ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਸਲਾਹਕਾਰ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਰਾਵਤ ਨੇ ਇਹ ਵੀ ਕਿਹਾ ਕਿ ਸਲਾਹਕਾਰਾਂ ਦਾ ਕੱਦ ਇੰਨਾ ਵੱਡਾ ਨਹੀਂ ਹੈ ਕਿ ਕਾਂਗਰਸ ਹਾਈਕਮਾਨ ਇਸ ’ਤੇ ਟਿੱਪਣੀ ਕਰੇ।

ਸਿੱਧੂ ਦੇ ਸਲਾਹਕਾਰਾਂ ਨਾਲ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੇ ਸਲਾਹਕਾਰਾਂ ਨੂੰ ਕਾਬੂ ਵਿਚ ਰੱਖਣ। ਉਨ੍ਹਾਂ ਨੇ ਸਿੱਧੂ ਨੂੰ ਆਪਣੇ ਸਲਾਹਕਾਰਾਂ 'ਤੇ ਲਗਾਮ ਕੱਸਣ ਲਈ ਕਿਹਾ ਹੈ।