‘ਅਗਨੀਪਥ’ ਸਕੀਮ ਫ਼ੌਜ ਦਾ ਅਪਮਾਨ, ਨੌਜਵਾਨਾਂ ਦਾ ਨੁਕਸਾਨ : CM ਮਾਨ

by jaskamal

ਨਿਊਜ਼ ਡੈਸਕ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਭਾਰਤੀ ਫ਼ੌਜ 'ਚ ਭਰਤੀ ਲਈ ਲਿਆਂਦੀ ‘ਅਗਨੀਪਥ’ ਸਕੀਮ ਨੂੰ ਭਾਰਤੀ ਫ਼ੌਜ ਦਾ ਅਪਮਾਨ ਤੇ ਪੰਜਾਬ ਦੇ ਨੌਜਵਾਨਾਂ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸਕੀਮ ਨੂੰ ਲਾਗੂ ਕਰਨ ਦੇ ਹਾਲੀਆ ਫ਼ੈਸਲੇ ਨੂੰ ਪਿਛਾਂਹ ਖਿੱਚੂ ਕਦਮ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ‘ਦੇਸ਼ ਦੀ ਕਿਸਾਨੀ ਤੋਂ ਬਾਅਦ ਹੁਣ ਦੇਸ਼ ਦੀ ਜਵਾਨੀ ਤੇ ਇਹ ਸਾਜ਼ਿਸ਼ ਭਰਿਆ ਗੰਭੀਰ ਹਮਲਾ ਕੀਤਾ ਹੈ, ਜਿਹੜਾ ਕਿ ਗ਼ੈਰ-ਵਾਜਬ ਤੇ ਨਾਜਾਇਜ਼ ਹੈ। ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ 'ਚ ਇੱਕ ਵੀ ਨੌਜਵਾਨ ਨੂੰ ਫ਼ੌਜ ਵਿੱਚ ਨੌਕਰੀ ਨਹੀਂ ਦਿੱਤੀ ਤੇ ਹੁਣ ‘ਅਗਨੀਪਥ’ ਸਕੀਮ ਰਾਹੀਂ ਕੇਂਦਰ ਸਰਕਾਰ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਫੌਜ 'ਚ ਸੇਵਾ ਕਰਨ ਦੀ ਇਜਾਜ਼ਤ ਦੇ ਰਹੀ ਹੈ, ਉਹ ਵੀ ਪੈਨਸ਼ਨ ਤੋਂ ਬਗੈਰ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੀਮ ਦੁਨੀਆ ਭਰ 'ਚ ਮਿਸਾਲ ਬਣਨ ਵਾਲੀ ਭਾਰਤੀ ਸੈਨਾ ਦਾ ਨਿਰਾਦਰ ਹੈ।