ਅਣਪਛਾਤੇ ਵਿਅਕਤੀ ਨੇ ਘਰ ’ਚ ਦਾਖ਼ਲ ਹੋ ਨੌਜਵਾਨ ਨੂੰ ਮਾਰੀ ਗੋਲ਼ੀ

by jaskamal

ਨਿਊਜ਼ ਡੈਸਕ: ਸਾਦਿਕ ਨੇੜੇ ਪਿੰਡ ਪਿੰਡੀ ਬਲੋਚਾਂ ਵਿਖੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਦੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਸਰਪੰਚ ਰਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪਰਿਵਾਰ ਨੇੜਲੇ ਪਿੰਡ ਮਰਾੜ੍ਹ ਵਿਖੇ ਸੋਗ ਸਮਾਗਮ ’ਤੇ ਜਾ ਕੇ ਕਾਰ ਰਾਹੀਂ ਵਾਪਸ ਆ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਵੱਲੋਂ ਕਾਰ ਰਾਹੀਂ ਪਿੱਛਾ ਕੀਤਾ ਜਾ ਰਿਹਾ ਸੀ | ਇਸ ਦੌਰਾਨ ਪਰਿਵਾਰ ਘਰ ਅੰਦਰ ਦਾਖ਼ਲ ਹੋ ਗਿਆ, ਅਣਪਛਾਤੇ ਵਿਅਕਤੀਆਂ ਨੇ ਮਗਰ ਆ ਕੇ ਬੂਹਾ ਖੜਕਾਇਆ ਤਾਂ ਨੌਜਵਾਨ ਦੇ ਪਿਤਾ ਗੁਰਦੀਪ ਸਿੰਘ ਨੇ ਬੂਹਾ ਖੋਲ੍ਹਿਆ ਤਾਂ ਅਣਪਛਾਤਿਆਂ ਨੇ ਅਰਸ਼ਦੀਪ ਬਾਰੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ। ਇਸ ਦੌਰਾਨ ਜਦੋਂ ਅਰਸ਼ਦੀਪ ਸਿੰਘ ਗੇਟ ਕੋਲ ਪਹੁੰਚਿਆ ਤਾਂ ਕਥਿਤ ਹਮਲਾਵਰਾਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ, ਜੋ ਉਸ ਦੇ ਪੇਟ ’ਚ ਲੱਗੀ ਤੇ ਅਣਪਛਾਤੇ ਵਿਅਕਤੀ ਫਰਾਰ ਹੋ ਗਏ |

ਪਰਿਵਾਰ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਿਜਾਇਆ ਗਿਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਅਮਨਦੀਪ ਸਿੰਘ ਮੌਕੇ ’ਤੇ ਪੁੱਜੇ ਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ | ਐੱਸ. ਐੱਸ. ਪੀ. ਫ਼ਰੀਦਕੋਟ ਅਵਰੀਤ ਕੌਰ ਸਿੱੱਧੂ, ਐੱਸ. ਪੀ. ਡੀ. ਬਾਲ ਕ੍ਰਿਸ਼ਨ ਸਿੰਗਲਾ, ਅਜ਼ਾਦ ਦਵਿੰਦਰ ਸਿੰਘ ਡੀ. ਐੱਸ. ਪੀ. ਪਿੰਡ ਆਏ ਤੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪਰਿਵਾਰ ਨਾਲ ਗੱਲਬਾਤ ਕੀਤੀ | ਸੀ. ਸੀ. ਟੀ. ਵੀ. ਕੈਮਰਿਆਂ ’ਚ ਸ਼ੱਕੀ ਕਾਰ ਨਜ਼ਰ ਆਈ, ਜੋ ਹਮਲਾਵਰਾਂ ਦੀ ਦੱਸੀ ਜਾ ਰਹੀ ਹੈ | ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |