2 ਸਾਲਾਂ ‘ਚ ਬਦਲੀ Anmol Gagan Mann ਦੀ ਕਿਸਮਤ, ਗਾਇਕਾ ਤੋਂ ਬਣੀ ਮੰਤਰੀ

by jaskamal

ਨਿਊਜ਼ ਡੈਸਕ : ਅੱਜ ਭਗਵੰਤ ਮਾਨ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਗਿਆ। ਅੱਜ ਵਿਧਾਇਕਾਂ ਅਮਨ ਅਰੋੜਾ, ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਸਭ ਤੋਂ ਤੋਂ ਪਹਿਲਾਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਉਸ ਤੋਂ ਬਾਅਦ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾ. ਇੰਦਰਬੀਰ ਨਿੱਝਰ, ਤੀਜੇ ਨੰਬਰ ’ਤੇ ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਚੌਥੇ ਸਥਾਨ ’ਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪੰਜਵੇਂ ਸਥਾਨ ’ਤੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਰਾਜਪਾਲ ਵਲੋਂ ਕੈਬਨਿਟ ਮੰਤਰੀ ਵਜੋਂ ਅਹੁਦੇ ਦੇ ਭੇਦ ਗੁਪਤ ਰੱਖਣ ਲਈ ਸਹੁੰ ਚੁਕਾਈ ਗਈ।

ਪੰਜਾਬ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਦੇ ਵਿਸਥਾਰ 'ਚ ਇਕ ਵਾਰ ਫਿਰ ਵਿਧਾਨ ਸਭਾ ਹਲਕਾ ਖਰੜ ਦੀ ਅਹਿਮੀਅਤ ਦਿੰਦਿਆਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ ਹੈ, ਜਿਸ ਕਰਕੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਖਰੜ ਵਿਧਾਨ ਸਭਾ ਮੋਹਾਲੀ ਜ਼ਿਲ੍ਹੇ ਦਾ ਹੀ ਇਕ ਹਿੱਸਾ ਹੈ।