ਪੈਸਿਆਂ ਦੇ ਲੈਣ ਦੇਣ ਤੋਂ ਪਰੇਸ਼ਾਨ ਆੜ੍ਹਤੀ ਨੇ ਕੀਤੀ ਖ਼ੁਦਕੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਪਿੰਡ ਮਾਲਚੱਕ ਨਿਵਾਸੀ ਆੜ੍ਹਤੀ ਨੇ ਪੈਸਿਆਂ ਦੇ ਲੈਣ ਦੇਣ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਿਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਲਦੇਵ ਸਿੰਘ ਆੜ੍ਹਤ ਦਾ ਕੰਮ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ’ਚ ਉਸ ਦੇ ਪਿਤਾ ਬਲਦੇਵ ਸਿੰਘ ਨੇ 5100 ਬੋਰੀ ਝੋਨਾ ਅਜੇਪਾਲ ਸਿੰਘ ਦੇ ਸ਼ੈਲਰ ’ਚ ਸਟੋਰ ਕੀਤਾ, ਜਿਸ ਦੀ ਕੀਮਤ 25-26 ਲੱਖ ਰੁਪਏ ਬਣਦੀ ਸੀ। ਅਜੇਪਾਲ ਸਿੰਘ ਤੇ ਕੁਲਬੀਰ ਸਿੰਘ ਨੇ ਇਹ ਝੋਨਾ ਅੱਗੇ ਵੇਚ ਵੀ ਦਿੱਤਾ ਪਰ ਉਸ ਦੇ ਪਿਤਾ ਨੂੰ ਬਣਦੀ ਝੋਨੇ ਦੀ ਰਕਮ ਅਦਾ ਨਹੀਂ ਕੀਤੀ।

ਜਦੋਂ ਉਸ ਦੇ ਪਿਤਾ ਬਲਦੇਵ ਸਿੰਘ ਨੇ ਦੁਬਾਰਾ ਉਕਤ ਵਿਅਕਤੀਆਂ ਨੂੰ ਪੈਸੇ ਦੇਣ ਲਈ ਕਿਹਾ ਤਾਂ ਉਕਤ ਵਿਅਕਤੀ ਸਾਫ਼ ਮੁੱਕਰ ਗਏ। ਦਿਲਮੇਗ ਸਿੰਘ ਤੇ ਨਰਿੰਦਰ ਸਿੰਘ ਉਸ ਦੇ ਘਰ ਪਿੰਡ ਮਾਲਚੱਕ ਆਏ ਅਤੇ ਉਸ ਦੇ ਪਿਤਾ ਪਾਸੋਂ 1 ਲੱਖ ਰੁਪਏ ਦੀ ਮੰਗ ਕੀਤੀ। ਇਨ੍ਹਾਂ ਵਿਅਕਤੀਆਂ ਨੇ ਉਸ ਦੇ ਪਿਤਾ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਜ਼ਲੀਲ ਕੀਤਾ।

ਉਕਤ ਵਿਅਕਤੀਆਂ ਨੇ ਮੇਰੇ ਪਿਤਾ ਨੂੰ ਕਿਹਾ ਕਿ ਜੇਕਰ ਉਸ ਨੇ ਪੈਸੇ ਨਹੀਂ ਦੇਣੇ ਤਾਂ ਜ਼ਹਿਰ ਖਾ ਕੇ ਮਰ ਜਾਵੇ ਤਾਂ ਅਸੀਂ ਪੈਸਿਆਂ ਦਾ ਸਬਰ ਕਰ ਲਵਾਂਗੇ। ਇਸ ਵਜ੍ਹਾ ਕਰਕੇ ਉਸ ਦਾ ਪਿਤਾ ਬਹੁਤ ਪ੍ਰੇਸ਼ਾਨ ਹੋ ਗਿਆ ਤੇ ਉਸ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਖਾ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।