ਰੂਪਨਗਰ ਤੋਂ ਮਿਲ ਰਹੀ ਵੱਡੀ ਖਬਰ ਅਨੁਸਾਰ ਆਮ ਆਦਮੀ ਪਾਰਟੀ ਨੇ ਮਿਸ਼ਨ 2027 ਦੇ ਤਹਿਤ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਸਿਆਸੀ ਘੇਰਾਬੰਦੀ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਇੰਚਾਰਜ ਨਿਯੁਕਤ ਕਰਕੇ ਵੱਡਾ ਸਿਆਸੀ ਨਿਸ਼ਾਨਾ ਸੇਧਿਆ ਹੈ। ਵੀਰਵਾਰ ਨੂੰ ਗੜ੍ਹੀ ਦੇ ਨਿਯੁਕਤੀ ਪੱਤਰ ਦੇ ਸੋਸ਼ਲ ਮੀਡੀਆ 'ਤੇ ਆਉਣ ਉਪਰੰਤ ਹਲਕੇ ਵਿੱਚ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਧੜੇ ਵਿੱਚ ਜਿੱਥੇ ਭਾਰੀ ਹਲਚਲ ਮਚੀ ਹੈ, ਉੱਥੇ ਵਿਰੋਧੀ ਪਾਰਟੀਆਂ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਗੜ੍ਹੀ ਨੂੰ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਂਦੀ ਹੈ ਤਾਂ ਸ੍ਰੀ ਚਮਕੌਰ ਸਾਹਿਬ ਵਿੱਚ ਆਪ ਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਹੋਵੇਗੀ, ਭਾਵ "ਸੇਰ ਨੂੰ ਸਵਾਸੇਰ" ਟੱਕਰਣ ਵਾਲੀ ਕਹਾਵਤ ਸਿੱਧ ਹੋਵੇਗੀ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਪਿਛਲੇ ਦਿਨੀਂ ਦੋ ਨਗਰ ਕੌਂਸਲਾਂ 'ਤੇ ਪਾਰਟੀ ਦੇ ਪ੍ਰਧਾਨ ਨਿਯੁਕਤ ਕਰਕੇ ਆਪਣੀ ਸਿਆਸੀ ਪੈਂਠ ਮਜ਼ਬੂਤ ਕੀਤੀ ਸੀ, ਪ੍ਰੰਤੂ ਹੁਣ ਪਾਰਟੀ ਹਾਈ ਕਮਾਂਡ ਵੱਲੋਂ ਗੜ੍ਹੀ ਦੀ ਨਿਯੁਕਤੀ ਨਾਲ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਸੂਤਰਾਂ ਅਨੁਸਾਰ ਜਸਬੀਰ ਸਿੰਘ ਗੜ੍ਹੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਹਲਕੇ ਵਿੱਚ ਉਨ੍ਹਾਂ ਦਾ ਇੱਕ ਮਜ਼ਬੂਤ ਧੜਾ ਅੱਜ ਵੀ ਉਨ੍ਹਾਂ ਦੀ ਪਿੱਠ ਨਾਲ ਖੜ੍ਹਾ ਹੈ, ਜੋ ਇਸ ਨਵੀਂ ਨਿਯੁਕਤੀ ਨਾਲ ਬੇਹੱਦ ਖੁਸ਼ ਹੈ। ਦੂਜੇ ਪਾਸੇ ਸਿਆਸੀ ਮਾਹਰ ਦੱਸਦੇ ਹਨ ਕਿ ਕਾਂਗਰਸ ਹਾਈ ਕਮਾਂਡ ਨਾਲ ਸਾਬਕਾ ਮੁੱਖ ਮੰਤਰੀ ਦੇ ਚੱਲ ਰਹੇ ਕਾਂਟੋ-ਕਲੇਸ ਦੌਰਾਨ ਹੀ ਗੜ੍ਹੀ ਦੀ ਨਿਯੁਕਤੀ ਨੇ ਚੰਨੀ ਲਈ ਨਵੀਂ ਸਿਆਸੀ ਟੈਂਸ਼ਨ ਖੜ੍ਹੀ ਕਰ ਦਿੱਤੀ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਹੁਣ ਹਲਕੇ ਵਿੱਚ ਆਪਣੇ ਸਿਆਸੀ ਪੈਰ ਮਜ਼ਬੂਤ ਕਰਨ ਲਈ ਨਵੀਂ ਵਿਉਂਤਬੰਦੀ ਬਣਾਉਣੀ ਪਵੇਗੀ, ਕਿਉਂਕਿ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚਾਲੇ ਤਾਲਮੇਲ ਵਧਾਉਣ ਦੀ ਅਤਿਅੰਤ ਲੋੜ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਵਿੱਚ ਕਾਂਗਰਸ ਦੇ ਵੱਧ ਕੌਂਸਲਰ ਜਿੱਤਣ ਦੇ ਬਾਵਜੂਦ ਵੀ ਕੌਂਸਲਾਂ 'ਤੇ ਕਬਜ਼ਾ ਨਾ ਹੋਣ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ। ਉੱਧਰ ਨਵਨਿਯੁਕਤ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜਿਹੜੀ ਜਿੰਮੇਵਾਰੀ ਦਿੱਤੀ ਹੈ, ਉਸ ਨੂੰ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਇੰਚਾਰਜ ਵਜੋਂ ਉਨ੍ਹਾਂ ਨੂੰ ਇਤਿਹਾਸਕ ਹਲਕੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਬਖੂਬੀ ਨਿਭਾਉਣਗੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਇਸ ਨਿਯੁਕਤੀ ਦਾ ਅਸਲੀ ਸਿਆਸੀ ਨਤੀਜਾ ਕੀ ਨਿਕਲਦਾ ਹੈ ਅਤੇ ਕੀ ਇਹ ਚੰਨੀ ਲਈ ਵੱਡਾ ਸਿਰਦਰਦ ਬਣ ਕੇ ਉਭਰੇਗਾ।
ਚਮਕੌਰ ਸਾਹਿਬ ਵਿੱਚ ਵੱਡਾ ਸਿਆਸੀ ਧਮਾਕਾ? ਚੰਨੀ ਨੂੰ ਘੇਰਨ ਲਈ ਗੜ੍ਹੀ ਦੀ ਤਾਇਨਾਤੀ, ਅੰਦਰਲੀ ਕਹਾਣੀ ਹੈਰਾਨ ਕਰ ਦੇਵੇਗੀ
ਰੂਪਨਗਰ ਤੋਂ ਮਿਲ ਰਹੀ ਵੱਡੀ ਖਬਰ ਅਨੁਸਾਰ ਆਮ ਆਦਮੀ ਪਾਰਟੀ ਨੇ ਮਿਸ਼ਨ 2027 ਦੇ ਤਹਿਤ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਸਿਆਸੀ ਘੇਰਾਬੰਦੀ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ
NRI Post Desk · 89 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




