ਮੌਸਮ ਵਿੱਚ ਲਗਾਤਾਰ ਆ ਰਹੇ ਬਦਲਾਅ ਅਤੇ ਵਾਤਾਵਰਣ ਵਿੱਚ ਬਣ ਰਹੀਆਂ ਵੱਖ-ਵੱਖ ਸਥਿਤੀਆਂ ਦੇ ਵਿਚਕਾਰ ਮੋਗਾ ਜ਼ਿਲ੍ਹੇ ਦੇ ਝੋਨੇ ਦੇ ਖੇਤਾਂ ਵਿੱਚ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਪਿਛਲੇ ਕੁੱਝ ਦਿਨਾਂ ਤੋਂ ਇਸ ਹਮਲੇ ਨੇ ਉਸ ਸਮੇਂ ਭਿਆਨਕ ਰੂਪ ਧਾਰਨ ਕੀਤਾ ਹੈ ਜਦੋਂ ਕਿਸਾਨਾਂ ਨੇ ਦੇਖਿਆ ਕਿ ਪਹਿਲਾਂ ਮੁਕਾਬਲਤਨ ਠੀਕ ਚੱਲ ਰਹੀ ਫ਼ਸਲ ਦੇ ਪੱਤੇ ਕੁੱਝ ਹੀ ਦਿਨਾਂ ਵਿੱਚ ਲਪੇਟੇ ਹੋਏ ਅਤੇ ਸੁੱਕੇ ਹੋਏ ਨਜ਼ਰ ਆਉਣ ਲੱਗੇ। ਕਿਸਾਨਾਂ ਦਾ ਦਾਅਵਾ ਹੈ ਕਿ ਇਹ ਹਮਲਾ ਝੋਨੇ ਦੀਆਂ ਪੀਆਰ ਕਿਸਮਾਂ ਵਿੱਚ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਕੁੱਝ ਖੇਤਾਂ ਤੱਕ ਸੀਮਤ ਨਾ ਰਹਿ ਕੇ ਵੱਖ-ਵੱਖ ਇਲਾਕਿਆਂ ਵਿੱਚ ਫੈਲ ਰਿਹਾ ਹੈ। ਹਮਲੇ ਕਾਰਨ ਝੋਨੇ ਦੇ ਪੱਤਿਆਂ 'ਤੇ ਨੁਕਸਾਨ ਦੇ ਨਿਸ਼ਾਨ ਸਪੱਸ਼ਟ ਦਿਖਾਈ ਦੇ ਰਹੇ ਹਨ ਅਤੇ ਕਈ ਥਾਵਾਂ 'ਤੇ ਪੱਤੇ ਉਪਰੋਂ ਸੁੱਕ ਕੇ ਪਰਾਲੀ ਵਰਗੇ ਦਿਖਾਈ ਦੇਣ ਲੱਗੇ ਹਨ। ਇਸ ਮੌਕੇ ਕਿਸਾਨ ਸਤਨਾਮ ਸਿੰਘ ਕਪੂਰੇ, ਲਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਸੁੰਡੀ ਦੇ ਹਮਲੇ ਕਾਰਨ ਪੱਤੇ ਲਪੇਟੇ ਜਾਣ ਤੋਂ ਬਾਅਦ ਸੁੱਕਣ ਲੱਗ ਜਾਂਦੇ ਹਨ, ਜਿਸ ਨਾਲ ਫ਼ਸਲ ਦੀ ਹਾਲਤ ਨੂੰ ਲੈ ਕੇ ਕਿਸਾਨਾਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਫ਼ਸਲ ਨੂੰ ਕਿਸੇ ਵੀ ਸੰਭਾਵਿਤ ਨੁਕਸਾਨ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈ ਕੇ ਦਵਾਈਆਂ ਦਾ ਸਪਰੇਅ ਕੀਤਾ ਜਾ ਰਿਹਾ ਹੈ, ਪਰ ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਪਹਿਲਾਂ ਹੀ ਕਾਫੀ ਹੋਣ ਕਾਰਨ ਫਸਲ 'ਤੇ ਵਾਧੂ ਸਪਰੇਅ ਨਾਲ ਖੇਤੀ ਲਾਗਤ ਵਿੱਚ ਹੋਰ ਵਾਧਾ ਹੋ ਰਿਹਾ ਹੈ। ਝੋਨੇ ਦੀ ਫ਼ਸਲ 'ਤੇ ਹੋ ਰਹੇ ਇਸ ਹਮਲੇ ਨੇ ਕਿਸਾਨਾਂ ਨੂੰ ਇਸ ਗੱਲ ਲਈ ਵੀ ਚਿੰਤਤ ਕਰ ਦਿੱਤਾ ਹੈ ਕਿ ਜੇਕਰ ਸੁੰਡੀ ਦਾ ਹਮਲਾ ਲਗਾਤਾਰ ਵਧਦਾ ਰਿਹਾ ਤਾਂ ਇਸ ਦਾ ਫ਼ਸਲ ਦੇ ਝਾੜ 'ਤੇ ਕੀ ਪ੍ਰਭਾਵ ਪਵੇਗਾ, ਕਿਉਂਕਿ ਝੋਨੇ ਦੀ ਫ਼ਸਲ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਅਤੇ ਆਮਦਨ ਦਾ ਵੱਡਾ ਸਹਾਰਾ ਹੈ। ਦੂਜੇ ਪਾਸੇ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਦਿਖਾਈ ਦੇਣ 'ਤੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਸ ਹਮਲੇ ਕਾਰਨ ਹਰ ਸਥਿਤੀ ਵਿੱਚ ਫਸਲ ਦੇ ਝਾੜ 'ਤੇ ਵੱਡਾ ਪ੍ਰਭਾਵ ਪੈਣਾ ਜ਼ਰੂਰੀ ਨਹੀਂ ਹੈ। ਵਿਭਾਗ ਦਾ ਕਹਿਣਾ ਹੈ ਕਿ ਕਿਸਾਨ ਬਿਨ੍ਹਾਂ ਲੋੜ ਤੋਂ ਮਹਿੰਗੀਆਂ ਦਵਾਈਆਂ ਦੇ ਸਪਰੇਅ ਕਰਨ ਤੋਂ ਬਚਣ ਅਤੇ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰਨ, ਕਿਉਂਕਿ ਬੇਲੋੜੇ ਸਪਰੇਅ ਨਾਲ ਖਰਚਾ ਵਧਣ ਦੇ ਨਾਲ ਵਾਤਾਵਰਣ 'ਤੇ ਵੀ ਪ੍ਰਭਾਵ ਪੈ ਸਕਦਾ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿੰਨ੍ਹਾਂ ਇਲਾਕਿਆਂ ਵਿੱਚ ਪੱਤਾ ਲਪੇਟ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਵਿਭਾਗ ਦੀਆਂ ਟੀਮਾਂ ਭੇਜ ਕੇ ਖੇਤਾਂ ਦਾ ਨਿਰੀਖਣ ਕਰਵਾਇਆ ਜਾਵੇ ਅਤੇ ਕਿਸਾਨਾਂ ਨੂੰ ਮੌਕੇ 'ਤੇ ਜਾ ਕੇ ਫ਼ਸਲ ਦੀ ਸਥਿਤੀ ਦੇਖਦਿਆਂ ਸਹੀ ਦਵਾਈ, ਸਪਰੇਅ ਦੀ ਮਾਤਰਾ ਅਤੇ ਸਮੇਂ ਸਬੰਧੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਬੇਲੋੜੇ ਖਰਚੇ ਤੋਂ ਵੀ ਰਾਹਤ ਮਿਲ ਸਕੇ।
ਝੋਨੇ ਦੇ ਖੇਤਾਂ ਵਿੱਚ ਸੁੰਡੀ ਦਾ ਕਹਿਰ: ਕੀ ਪੰਜਾਬ ਦੀ ਸਾਲ ਭਰ ਦੀ ਮਿਹਨਤ ਮਿੱਟੀ ਵਿੱਚ ਮਿਲਣ ਦੀ ਕਗਾਰ 'ਤੇ ਹੈ?
ਮੌਸਮ ਵਿੱਚ ਲਗਾਤਾਰ ਆ ਰਹੇ ਬਦਲਾਅ ਅਤੇ ਵਾਤਾਵਰਣ ਵਿੱਚ ਬਣ ਰਹੀਆਂ ਵੱਖ-ਵੱਖ ਸਥਿਤੀਆਂ ਦੇ ਵਿਚਕਾਰ ਮੋਗਾ ਜ਼ਿਲ੍ਹੇ ਦੇ ਝੋਨੇ ਦੇ ਖੇਤਾਂ ਵਿੱਚ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵ
NRI Post Desk · 69 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




