ਟਾਂਡਾ ਦੀ ਅਨਾਜ ਮੰਡੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਅਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨੇ ਉਸ ਸੱਚ ਨੂੰ ਸਾਹਮਣੇ ਲੈ ਆਂਦਾ ਹੈ ਜੋ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਹੈ। ਇਸ ਮੰਡੀ ਵਿੱਚ ਖੜ੍ਹੇ ਗੰਦੇ ਪਾਣੀ ਕਰ ਕੇ ਨਾ ਸਿਰਫ਼ ਕਿਸਾਨਾਂ ਨੂੰ ਝੋਨਾ ਲਿਆਉਣ ਵਿੱਚ ਭਾਰੀ ਦਿੱਕਤ ਪੇਸ਼ ਆ ਰਹੀ ਹੈ, ਸਗੋਂ ਦੁਕਾਨਦਾਰਾਂ ਅਤੇ ਆੜ੍ਹਤੀਆਂ ਦਾ ਸੜਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਕਈ ਥਾਵਾਂ ’ਤੇ ਪਾਣੀ ਇੰਨਾ ਜ਼ਿਆਦਾ ਖੜ੍ਹਾ ਹੈ ਕਿ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਖਾਸ ਕਰ ਕੇ ਬਜ਼ੁਰਗ ਕਿਸਾਨਾਂ ਅਤੇ ਮੰਡੀ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਸੁਖਵਿੰਦਰ ਸਿੰਘ ਰਾਜਾ, ਸ਼ੇਰੂ ਪੁਰੀ, ਬੱਬੂ ਪੁਰੀ, ਓਮਾ ਪੁਰੀ, ਜਤਿੰਦਰ ਅਗਰਵਾਲ, ਕਰਤਾਰ ਚਾਹਲ, ਸੁਖਵਿੰਦਰ ਬੀਰਾ, ਬੋਬੀ ਬਹਿਲ, ਕਿਸਾਨ ਪ੍ਰੀਤਮ ਸਿੰਘ, ਹਰਦੀਪ ਸਿੰਘ ਅਤੇ ਅਵਤਾਰ ਸਿੰਘ ਸਮੇਤ ਹੋਰ ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿੱਚ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਸੀਵਰੇਜ ਪੈਣ ਤੋਂ ਬਾਅਦ ਤੋਂ ਹੀ ਬਣੀ ਹੋਈ ਹੈ ਅਤੇ ਮਾਰਕੀਟ ਕਮੇਟੀ ਪ੍ਰਬੰਧਕਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਸੀਵਰੇਜ ਦੀ ਨਿਯਮਿਤ ਸਫ਼ਾਈ, ਗੰਦਗੀ ਦੇ ਢੇਰਾਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਮੰਡੀ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਮੰਡੀ ਵਿੱਚ ਪਈ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਸੈਕਟਰੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਸਬੰਧੀ ਐੱਸਡੀਓ ਅਤੇ ਸਬੰਧਿਤ ਠੇਕੇਦਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਮੰਡੀ ਬੋਰਡ ਦੇ ਸੁਪਰਵਾਈਜ਼ਰ ਨਵਨੀਤ ਨੇ ਦੱਸਿਆ ਕਿ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਪਹਿਲਾਂ ਵੀ ਸਾਹਮਣੇ ਆਉਂਦੀ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਐੱਸਡੀਓ ਵੱਲੋਂ ਪਾਣੀ ਕੱਢਣ ਲਈ ਮਸ਼ੀਨ ਭੇਜੀ ਗਈ ਸੀ, ਪਰ ਉਸ ਦੀ ਮੋਟਰ ਪਾਣੀ ਨਹੀਂ ਚੁੱਕ ਸਕੀ, ਹੁਣ ਵੱਡੀ ਮੋਟਰ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਮੰਡੀ ਬੋਰਡ ਦੇ ਐੱਸਡੀਓ ਅਮਰੀਕ ਸਿੰਘ ਨੇ ਦੱਸਿਆ ਕਿ ਮੰਡੀ ਵਿੱਚੋਂ ਪਾਣੀ ਕੱਢਣ ਲਈ ਪਹਿਲਾਂ ਵੀ ਮੋਟਰ ਭੇਜੀ ਗਈ ਸੀ, ਪਰ ਮੋਟਰ ਨਹੀਂ ਚੱਲ ਸਕੀ ਅਤੇ ਹੁਣ ਦੁਬਾਰਾ ਨਵੀਂ ਮੋਟਰ ਭੇਜੀ ਗਈ ਹੈ, ਜਿਸ ਨਾਲ ਸ਼ਨਿਚਰਵਾਰ ਸ਼ਾਮ ਤੱਕ ਪਾਣੀ ਦੀ ਨਿਕਾਸੀ ਸਹੀ ਕਰ ਕੇ ਖੜ੍ਹੇ ਗੰਦੇ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਟਾਂਡਾ ਮੰਡੀ ਵਿੱਚ ਜਨਰੇਟਰ ਦੀ ਵਿਵਸਥਾ ਨਹੀਂ ਹੈ, ਜਿਸ ਕਾਰਨ ਬਿਜਲੀ ਚਲੀ ਜਾਣ ’ਤੇ ਪਾਣੀ ਕੱਢਣ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਸਬੰਧੀ ਮਾਰਕੀਟ ਕਮੇਟੀ ਨੂੰ ਜਨਰੇਟਰ ਦਾ ਪ੍ਰਬੰਧ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਨਾ ਆਵੇ।
ਟਾਂਡਾ ਮੰਡੀ ਦੀ ਕੰਬਲ ਪਾਈ ਹਕੀਕਤ: ਗੰਦੇ ਪਾਣੀ ਤੇ ਕੂੜੇ ਦੇ ਢੇਰਾਂ ਪਿੱਛੇ ਛੁਪਿਆ ਸੱਚ ਸਾਹਮਣੇ ਆਇਆ
ਟਾਂਡਾ ਦੀ ਅਨਾਜ ਮੰਡੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਅਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨੇ ਉਸ ਸੱਚ ਨੂੰ ਸਾਹਮਣੇ ਲੈ ਆਂਦਾ ਹੈ ਜੋ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਹੈ। ਇਸ ਮੰਡੀ ਵਿੱਚ ਖੜ੍ਹੇ ਗੰਦੇ ਪਾਣੀ ਕਰ ਕੇ ਨਾ ਸਿਰਫ਼
NRI Post Desk · 52 ਦਿਨ ਪਹਿਲਾਂ · ਅੱਪਡੇਟ 8 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




