|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਧਰਨੇ ਦੇ ਤੀਜੇ ਦਿਨ ਕਿਸਾਨਾਂ ਦਾ ਵੱਡਾ ਐਲਾਨ, ਪਠਾਨਕੋਟ-ਜਲੰਧਰ ਹਾਈਵੇਅ ਠੱਪ ਕਰਕੇ ਸਰਕਾਰ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਮੁਕੇਰੀਆਂ ਵਿੱਚ ਗੰਨਾ ਕਾਸ਼ਤਕਾਰਾਂ ਦਾ ਸੰਘਰਸ਼ ਉਸ ਸਮੇਂ ਨਾਟਕੀ ਮੋੜ ’ਤੇ ਪਹੁੰਚ ਗਿਆ ਜਦੋਂ ਦੋ ਦਿਨਾਂ ਤੱਕ ਚੱਲੇ ਧਰਨੇ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਠੋਸ ਫ਼ੈਸਲਾ ਨਾ ਹੋਣ ’ਤੇ ਕਿਸਾਨਾਂ ਨੇ ਸੰਘਰਸ਼ ਨੂੰ ਅਗਲੇ ਪੜਾਅ ’ਤੇ ਲਿਜਾਂਦਿਆਂ ਕੌਮੀ ਰਾ

NRI Post Desk · 7 ਦਿਨ ਪਹਿਲਾਂ · ਅੱਪਡੇਟ 8 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਧਰਨੇ ਦੇ ਤੀਜੇ ਦਿਨ ਕਿਸਾਨਾਂ ਦਾ ਵੱਡਾ ਐਲਾਨ, ਪਠਾਨਕੋਟ-ਜਲੰਧਰ ਹਾਈਵੇਅ ਠੱਪ ਕਰਕੇ ਸਰਕਾਰ ਨੂੰ ਦਿੱਤੀ ਖੁੱਲ੍ਹੀ ਚੁਣੌਤੀ
📷 NRI Post Desk

ਮੁਕੇਰੀਆਂ ਵਿੱਚ ਗੰਨਾ ਕਾਸ਼ਤਕਾਰਾਂ ਦਾ ਸੰਘਰਸ਼ ਉਸ ਸਮੇਂ ਨਾਟਕੀ ਮੋੜ ’ਤੇ ਪਹੁੰਚ ਗਿਆ ਜਦੋਂ ਦੋ ਦਿਨਾਂ ਤੱਕ ਚੱਲੇ ਧਰਨੇ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਠੋਸ ਫ਼ੈਸਲਾ ਨਾ ਹੋਣ ’ਤੇ ਕਿਸਾਨਾਂ ਨੇ ਸੰਘਰਸ਼ ਨੂੰ ਅਗਲੇ ਪੜਾਅ ’ਤੇ ਲਿਜਾਂਦਿਆਂ ਕੌਮੀ ਰਾਜ ਮਾਰਗ ਦੀ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਮੁਕੇਰੀਆਂ ਗੰਨਾ ਮਿੱਲ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਰੋਸ ਧਰਨਾ ਕੱਲ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਦੇ ਨਾਲ ਮਹਿਲਾ ਕਿਸਾਨਾਂ ਨੇ ਵੀ ਸ਼ਮੂਲੀਅਤ ਕਰਦਿਆਂ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਗਈ ਸੀ, ਪਰ ਸੁਣਵਾਈ ਨਾ ਹੋਣ ਕਾਰਨ 15 ਨਵੰਬਰ ਤੋਂ ਮੁਕੇਰੀਆਂ ਮਿੱਲ ਸਾਹਮਣੇ ਪੱਕਾ ਧਰਨਾ ਸ਼ੁਰੂ ਕੀਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਲੀਪ ਸਿੰਘ ਠਾਕੁਰ, ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ ਬਾਗੜੀਆਂ, ਅਮਰਜੀਤ ਸਿੰਘ, ਰਣਜੀਤ ਸਿੰਘ, ਸੋਨੂੰ ਔਲਖ, ਗੁਰਨਾਮ ਸਿੰਘ ਜਹਾਨਪੁਰ, ਹਰਦੇਵ ਸਿੰਘ ਚਿੱਟੀ, ਜੁਝਾਰ ਸਿੰਘ, ਵਿਜੇ ਕੁਮਾਰ ਬਹਿਬਲ ਮੰਜ, ਸੁਰਜੀਤ ਸਿੰਘ, ਜਥੇਦਾਰ ਹਰਮਿੰਦਰ ਖਹਿਰਾ, ਮਨਦੀਪ ਸਿੰਘ, ਕਰਨੈਲ ਸਿੰਘ, ਉਂਕਾਰ ਸਿੰਘ, ਲਖਵਿੰਦਰ ਸਿੰਘ ਅਤੇ ਸਾਹਿਬਦੀਪ ਸਿੰਘ ਆਦਿ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੀ ਸਰਕਾਰ ਕਿਸਾਨਾਂ ਦੀਆਂ ਅਸਲ ਮੁਸ਼ਕਿਲਾਂ ਦੇ ਹੱਲ ਪ੍ਰਤੀ ਗੰਭੀਰ ਨਹੀਂ ਹੈ, ਅਤੇ ਉਨ੍ਹਾਂ ਪਿਛਲੇ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਵੀ ਸਰਕਾਰ ਦੀ ਆਲੋਚਨਾ ਕੀਤੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਿੱਲਾਂ ਚਾਲੂ ਕਰਨ ਵਿੱਚ ਹੋਰ ਦੇਰੀ ਨਾਲ ਗੰਨੇ ਦੀ ਪਿੜਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਕਣਕ ਦੀ ਬਿਜਾਈ ਵਿੱਚ ਦੇਰੀ ਅਤੇ ਕਿਸਾਨਾਂ ਦੀਆਂ ਆਰਥਿਕ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਆਗੂਆਂ ਅਨੁਸਾਰ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਗੰਨੇ ਦੀ ਉਤਪਾਦਨ ਲਾਗਤ 392 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਗਈ ਹੈ, ਜਦਕਿ ਕੇਂਦਰ ਵੱਲੋਂ ਨਿਰਧਾਰਤ ਭਾਅ 365 ਰੁਪਏ ਹੈ, ਅਤੇ ਉਨ੍ਹਾਂ ਗੰਨੇ ਦਾ ਭਾਅ ਵਧਾ ਕੇ 650 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਰਕਾਰ ਅਤੇ ਨਿੱਜੀ ਮਿੱਲਾਂ ਵੱਲ ਕਿਸਾਨਾਂ ਦੇ ਕਰੀਬ 63 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ, ਨਵੇਂ ਭਾਅ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ, ਮਿੱਲਾਂ ਚਾਲੂ ਕਰਨ ਦੀ ਤਰੀਕ ਐਲਾਨਣ ਅਤੇ ਇੱਕ ਕਾਊਂਟਰ, ਇੱਕ ਪੇਮੈਂਟ ਨੀਤੀ ਲਾਗੂ ਕਰਨ ਦੀ ਮੰਗ ਉਠਾਈ। ਹੁਣ ਸਾਰੀਆਂ ਨਜ਼ਰਾਂ ਸਰਕਾਰ ਵੱਲ ਹਨ ਕਿ ਕੀ ਉਹ ਇਸ ਵਧਦੇ ਸੰਘਰਸ਼ ’ਤੇ ਕੋਈ ਠੋਸ ਕਦਮ ਚੁੱਕਦੀ ਹੈ ਜਾਂ ਕਿਸਾਨ ਆਪਣੀ ਚਿਤਾਵਨੀ ਮੁਤਾਬਕ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਧਰਨੇ ਦੇ ਤੀਜੇ ਦਿਨ ਕਿਸਾਨਾਂ ਦਾ ਵੱਡਾ ਐਲਾਨ, ਪਠਾਨਕੋਟ-ਜਲੰਧਰ ਹਾਈਵੇਅ ਠੱਪ ਕਰਕੇ ਸਰਕਾਰ ਨੂੰ ਦਿੱਤੀ ਖੁੱਲ੍ਹੀ ਚੁਣੌਤੀ — NRI Post