ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਹਲਚਲ ਮੱਚ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਵਿਖੇ ਇੱਕ ਧਮਾਕੇਦਾਰ ਦਾਅਵਾ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਸਫਾਇਆ ਹੋ ਚੁੱਕਾ ਹੈ ਅਤੇ ਪਾਰਟੀ ਨੂੰ ਸਿਰਫ਼ ਦੋ ਸੀਟਾਂ ਹੀ ਮਿਲਣਗੀਆਂ, ਜਦਕਿ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਧੂਰੀ ਵਿਧਾਨ ਸਭਾ ਹਲਕੇ ਤੋਂ ਜ਼ਮਾਨਤ ਜ਼ਬਤ ਹੋਵੇਗੀ। ਇਹ ਦਾਅਵਾ ਸੁਖਬੀਰ ਸਿੰਘ ਬਾਦਲ ਨੇ ਨਾਭਾ ਦੇ ਲਾਇਨਜ਼ ਕਲੱਬ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਰੱਖੇ ਪ੍ਰੋਗਰਾਮ ਦੌਰਾਨ ਕੀਤਾ। ਇਸ ਮੌਕੇ ਸੈਲਰ, ਕਰਿਆਨਾ, ਕੰਬਾਈਨ, ਪਲਾਈਵੁੱਡ, ਡੇਅਰੀ, ਆੜ੍ਹਤੀ ਅਤੇ ਟਾਇਰ ਐਸੋਸੀਏਸ਼ਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ। ਵਪਾਰੀਆਂ ਨੇ ਟੈਕਸਾਂ ਅਤੇ ਜੀਐੱਸਟੀ ਦੇ ਵਧਦੇ ਬੋਝ, ਸੁਰੱਖਿਆ ਪ੍ਰਬੰਧਾਂ ਅਤੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਮੈਡੀਸਨ ਐਸੋਸੀਏਸ਼ਨ ਨੇ ਟੈਕਸ ਵਧਾ ਕੇ ਸੁਰੱਖਿਆ ਪ੍ਰਬੰਧ ਦੇਣ ਦੀ ਮੰਗ ਰੱਖੀ, ਜਦਕਿ ਟਾਇਰ ਐਸੋਸੀਏਸ਼ਨ ਨੇ ਟੈਕਸ ਘਟਾਉਣ ਦੀ ਮੰਗ ਕੀਤੀ। ਕੰਬਾਈਨ ਐਸੋਸੀਏਸ਼ਨ ਨੇ ਜੀਐੱਸਟੀ ਅਤੇ ਟੈਕਸਾਂ ਤੋਂ ਇਲਾਵਾ ਕੰਬਾਈਨਾਂ ਦੀ ਟੈਸਟਿੰਗ ਪੰਜਾਬ ਵਿੱਚ ਹੀ ਕਰਵਾਉਣ ਦਾ ਮੁੱਦਾ ਚੁੱਕਿਆ। ਵਪਾਰੀਆਂ ਨੇ ਨਾਭਾ ਸ਼ਹਿਰ ਵਿੱਚ ਵਧ ਰਹੀਆਂ ਲੁੱਟਾਂ-ਖੋਹਾਂ, ਡਕੈਤੀਆਂ ਅਤੇ ਚੋਰੀਆਂ ਦੀਆਂ ਘਟਨਾਵਾਂ ’ਤੇ ਵੀ ਚਿੰਤਾ ਪ੍ਰਗਟਾਈ। ਸੁਖਬੀਰ ਨੇ ਕਿਹਾ ਕਿ ਵਪਾਰੀਆਂ ਦੀਆਂ ਕਈ ਮੰਗਾਂ ਸਰਕਾਰ ਬਣਨ ਤੋਂ ਬਾਅਦ ਪੂਰੀਆਂ ਕੀਤੀਆਂ ਜਾਣਗੀਆਂ, ਜਦਕਿ ਕੁਝ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਪਹਿਲਾਂ ਵੀ ਵਿਰੋਧ ਕਰਦੀ ਰਹੀ ਹੈ। ਉਨ੍ਹਾਂ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦਾ ਹਰ ਪੱਖੋਂ ਬੁਰਾ ਹਾਲ ਹੈ ਅਤੇ ਹਰ ਵਰਗ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਨੌਜਵਾਨੀ ਨਸ਼ਿਆਂ ਦੀ ਮਾਰ ਹੇਠ ਆ ਰਹੀ ਹੈ। ਇਸ ਮੌਕੇ ਮੱਖਣ ਸਿੰਘ ਲਾਲਕਾ, ਬਲਤੇਜ ਸਿੰਘ ਖੋਖ, ਅਸ਼ੋਕ ਬਾਸਲ, ਬਬਲੂ ਖੋਰਾ, ਗੁਰਸੇਵਕ ਸਿੰਘ ਗੋਲੂ, ਗੁਰਦਿਆਲ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੋਦਾ, ਕੌਂਸਲਰ ਦੀਪਕ ਇੰਦੋਰਾ ਅਤੇ ਹਰਪ੍ਰੀਤ ਕੌਰ ਰਾਮਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ, ਵਰਕਰ ਅਤੇ ਵਪਾਰੀ ਹਾਜ਼ਰ ਸਨ। ਇਹ ਪ੍ਰੋਗਰਾਮ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੁਖਬੀਰ ਵੱਲੋਂ ਸੂਬੇ ਦੇ ਵੱਖ-ਵੱਖ ਹਲਕਿਆਂ ਵਿੱਚ ਵਪਾਰੀਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਦੀ ਲੜੀ ਦਾ ਹਿੱਸਾ ਸੀ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਨੇ ਚੋਣਾਂ ਲਈ ਕਮਰ ਕੱਸ ਲਈ ਹੈ ਅਤੇ ਵਪਾਰੀ ਵਰਗ ਨੂੰ ਆਪਣੇ ਪਾਸੇ ਕਰਨ ਦੀ ਰਣਨੀਤੀ ਅਪਣਾਈ ਹੈ।
ਨਾਭਾ 'ਚ ਸੁਖਬੀਰ ਬਾਦਲ ਦਾ ਬੰਬ: 2027 'ਚ 'ਆਪ' ਦਾ ਸਫਾਇਆ, ਮੁੱਖ ਮੰਤਰੀ ਦੀ ਵੀ ਜ਼ਮਾਨਤ ਜ਼ਬਤ ਦਾ ਦਾਅਵਾ
ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਹਲਚਲ ਮੱਚ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਵਿਖੇ ਇੱਕ ਧਮਾਕੇਦਾਰ ਦਾਅਵਾ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਸਫਾਇ
NRI Post Desk · 21 ਦਿਨ ਪਹਿਲਾਂ · ਅੱਪਡੇਟ 25 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




