ਪਟਿਆਲਾ ਜ਼ਿਲ੍ਹੇ ਦੀ ਹਵਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਇਸ ਦਾ ਸਭ ਤੋਂ ਖਤਰਨਾਕ ਅਸਰ ਹੁਣ ਆਮ ਲੋਕਾਂ ਦੀ ਸਿਹਤ 'ਤੇ ਸਾਫ਼ ਦਿਖਣ ਲੱਗਾ ਹੈ। ਪਿਛਲੇ ਕਈ ਦਿਨਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਇਆ ਧੂੰਆਂ ਅਤੇ ਦੀਵਾਲੀ ਵੇਲੇ ਚਲਾਏ ਗਏ ਪਟਾਕਿਆਂ ਦਾ ਪ੍ਰਦੂਸ਼ਣ ਮਿਲ ਕੇ ਹਵਾ ਦੀ ਗੁਣਵੱਤਾ ਨੂੰ ਖਤਰਨਾਕ ਪੱਧਰ 'ਤੇ ਲੈ ਆਇਆ ਹੈ। ਵੀਰਵਾਰ ਨੂੰ ਪਟਿਆਲਾ ਜ਼ਿਲ੍ਹੇ ਦੀ ਹਵਾ ਗੁਣਵੱਤਾ 230 ਏਕਿਊਆਈ ਦਰਜ ਕੀਤੀ ਗਈ, ਜੋ ਕਿ ਸਾਹ ਲੈਣ ਲਈ ਬਿਲਕੁਲ ਵੀ ਸਹੀ ਸਥਿਤੀ ਨਹੀਂ ਹੈ। ਇਸ ਧੂੰਏਂ ਅਤੇ ਖਰਾਬ ਹਵਾ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਚਿੰਤਾ ਜਨਕ ਢੰਗ ਨਾਲ ਵਧਣ ਲੱਗੀ ਹੈ। ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ ਅਤੇ ਟੀਵੀ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਦੀ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਆਮ ਨਾਲੋਂ 10 ਤੋਂ 15 ਫ਼ੀਸਦੀ ਵਧ ਗਈ ਹੈ, ਜਿੱਥੇ ਖੰਘ-ਜੁਕਾਮ ਅਤੇ ਛਾਤੀ ਵਿੱਚ ਬਲਗਮ ਜਮਣ ਦੇ ਕੇਸ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਲੋਕਾਂ ਨੂੰ ਵੱਡੇ ਪੱਧਰ 'ਤੇ ਸਾਹ ਲੈਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਸ਼ਾਮ ਤੱਕ ਧੂੰਏਂ ਕਾਰਨ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ। ਇਹ ਮੌਸਮ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਜ਼ਿਆਦਾ ਘਾਤਕ ਹੈ, ਕਿਉਂਕਿ ਖਰਾਬ ਹਵਾ ਦੀ ਗੁਣਵੱਤਾ ਇਨ੍ਹਾਂ ਦੋਵਾਂ ਵਰਗਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ, ਖਾਸ ਤੌਰ 'ਤੇ ਉਨ੍ਹਾਂ ਨੂੰ ਜੋ ਪਹਿਲਾਂ ਹੀ ਦਮੇ ਜਾਂ ਸਾਹ ਦੇ ਰੋਗੀ ਹਨ, ਉਨ੍ਹਾਂ ਵਿੱਚ ਲੱਛਣਾਂ ਦੀ ਗੰਭੀਰਤਾ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਹਵਾ ਪ੍ਰਦੂਸ਼ਣ ਨਾਲ ਚਮੜੀ ਦੇ ਰੋਗ, ਫੇਫੜਿਆਂ ਦੇ ਰੋਗ, ਦਮਾ, ਫੇਫੜੇ ਦਾ ਕੈਂਸਰ, ਨਿਮੋਨੀਆ, ਸ਼ੂਗਰ, ਖੂਨ ਦੇ ਥੱਕੇ, ਸਟ੍ਰੋਕ, ਦਿਮਾਗ ਦਾ ਵਿਕਾਸ ਘੱਟ ਹੋਣਾ, ਮਾਨਸਿਕ ਸਿਹਤ 'ਤੇ ਅਸਰ, ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਹੋਰ ਬੁਰੇ ਪ੍ਰਭਾਵ ਪੈਂਦੇ ਹਨ। ਆਮ ਤੌਰ 'ਤੇ ਹਵਾ ਵਿੱਚ ਪ੍ਰਦੂਸ਼ਣ ਕਾਰਨ ਅੱਖਾਂ ਵਿੱਚ ਜਲਨ, ਸਾਹ ਦੀ ਤਕਲੀਫ, ਥਕੇਵਾ ਅਤੇ ਚਿੜਚੜਾਪਨ ਦੇ ਲੱਛਣ ਵੀ ਸਾਹਮਣੇ ਆ ਰਹੇ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਧੂੰਏ ਦੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਦੱਸਿਆ ਕਿ ਹਵਾ ਦੀ ਗੁਣਵੱਤਾ ਦੇ ਮਾੜੇ ਸਤਰ ਨੂੰ ਦੇਖਦੇ ਹੋਏ ਖੁੱਲ੍ਹੇ ਵਿੱਚ ਸੈਰ ਕਰਨ, ਸਾਈਕਲਿੰਗ ਅਤੇ ਦੌੜ ਤੋਂ ਗੁਰੇਜ਼ ਕੀਤਾ ਜਾਵੇ। ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ ਲਗਾਇਆ ਜਾਵੇ ਅਤੇ ਕੱਚੀ ਥਾਂ ਅਤੇ ਧੂੜ ਨੂੰ ਉੱਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲਰ ਜ਼ਰੂਰ ਨਾਲ ਰੱਖਣ। ਇਹ ਸਥਿਤੀ ਦੱਸਦੀ ਹੈ ਕਿ ਹਰ ਸਾਲ ਪਰਾਲੀ ਸਾੜਨ ਦੇ ਮਾਮਲੇ ਵਧਣ ਕਾਰਨ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ ਅਤੇ ਹੁਣ ਇਹ ਜ਼ਿਲ੍ਹੇ ਭਰ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸੰਕਟ ਬਣ ਚੁੱਕੀ ਹੈ।
ਪਟਿਆਲਾ 'ਚ ਹਵਾ ਹੋਈ ਜ਼ਹਿਰੀਲੀ! ਹਸਪਤਾਲਾਂ 'ਚ ਮਰੀਜ਼ਾਂ ਦੀ ਲਾਈਨ ਲੱਗੀ, ਸਿਹਤ ਵਿਭਾਗ ਨੇ ਜਾਰੀ ਕੀਤਾ ਹੈਰਾਨ ਕਰਨ ਵਾਲਾ ਐਡਵਾਈਜ਼ਰੀ
ਪਟਿਆਲਾ ਜ਼ਿਲ੍ਹੇ ਦੀ ਹਵਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਇਸ ਦਾ ਸਭ ਤੋਂ ਖਤਰਨਾਕ ਅਸਰ ਹੁਣ ਆਮ ਲੋਕਾਂ ਦੀ ਸਿਹਤ 'ਤੇ ਸਾਫ਼ ਦਿਖਣ ਲੱਗਾ ਹੈ। ਪਿਛਲੇ ਕਈ ਦਿਨਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਇਆ ਧੂੰਆਂ ਅਤੇ ਦੀਵਾਲੀ ਵੇਲੇ ਚਲ
NRI Post Desk · 11 ਦਿਨ ਪਹਿਲਾਂ · ਅੱਪਡੇਟ 6 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




