|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੀਜ ਵੇਚਣ ਵਾਲਿਆਂ ਦੀ ਕਰਤੂਤ ਨੇ ਕੀਤਾ ਖੁਲਾਸਾ, ਕੱਦੂ ਦੀ ਫ਼ਸਲ ਨੇ ਕਿਸਾਨਾਂ ਨੂੰ ਕੰਗਾਲ ਕਰ ਦਿੱਤਾ

ਬੀਣੇਵਾਲ ਬੀਤ ਇਲਾਕੇ ਵਿੱਚ ਖੇਤੀਬਾੜੀ ਮਾਹਿਰਾਂ ਵੱਲੋਂ ਬਦਲਵੀਆਂ ਫ਼ਸਲਾਂ ਬੀਜਣ ਦੀ ਸਲਾਹ ਤੋਂ ਬਾਅਦ ਕਿਸਾਨਾਂ ਨੇ ਰਵਾਇਤੀ ਖੇਤੀ ਛੱਡ ਕੇ ਖੀਰਾ, ਕੱਦੂ, ਫਲਾਸਵੀਨ ਅਤੇ ਟਮਾਟਰ ਵਰਗੀਆਂ ਫ਼ਸਲਾਂ ਵੱਲ ਰੁਖ ਕੀਤਾ ਸੀ, ਪਰ ਹੁਣ ਬੀਤ ਦਾ ਕਿਸਾਨ ਭਾਰੀ ਪ

NRI Post Desk · 72 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੀਜ ਵੇਚਣ ਵਾਲਿਆਂ ਦੀ ਕਰਤੂਤ ਨੇ ਕੀਤਾ ਖੁਲਾਸਾ, ਕੱਦੂ ਦੀ ਫ਼ਸਲ ਨੇ ਕਿਸਾਨਾਂ ਨੂੰ ਕੰਗਾਲ ਕਰ ਦਿੱਤਾ
📷 NRI Post Desk

ਬੀਣੇਵਾਲ ਬੀਤ ਇਲਾਕੇ ਵਿੱਚ ਖੇਤੀਬਾੜੀ ਮਾਹਿਰਾਂ ਵੱਲੋਂ ਬਦਲਵੀਆਂ ਫ਼ਸਲਾਂ ਬੀਜਣ ਦੀ ਸਲਾਹ ਤੋਂ ਬਾਅਦ ਕਿਸਾਨਾਂ ਨੇ ਰਵਾਇਤੀ ਖੇਤੀ ਛੱਡ ਕੇ ਖੀਰਾ, ਕੱਦੂ, ਫਲਾਸਵੀਨ ਅਤੇ ਟਮਾਟਰ ਵਰਗੀਆਂ ਫ਼ਸਲਾਂ ਵੱਲ ਰੁਖ ਕੀਤਾ ਸੀ, ਪਰ ਹੁਣ ਬੀਤ ਦਾ ਕਿਸਾਨ ਭਾਰੀ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਮਹਿੰਗੇ ਮੁੱਲ ਦੇ ਬੀਜ ਖ਼ਰੀਦ ਕੇ ਬੀਜੀ ਗਈ ਕੱਦੂ ਦੀ ਫ਼ਸਲ ਵਿੱਚ ਫਲ ਹੀ ਨਹੀਂ ਲੱਗਾ ਅਤੇ ਕਿਸਾਨਾਂ ਦੇ ਖੇਤ ਖਾਲੀ ਪਏ ਹਨ। ਕਿਸਾਨ ਭਾਗ ਸਿੰਘ ਅਟਵਾਲ, ਗੁਰਦੀਪ ਸਿੰਘ, ਸੰਤੋਖ ਸਿੰਘ, ਅਜੀਤ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਪਤਾ ਨਹੀਂ ਕੱਦੂ ਦੀ ਫ਼ਸਲ ਨੂੰ ਕਿਹੜੀ ਬਿਮਾਰੀ ਲੱਗ ਗਈ ਕਿ ਫਲ ਲੱਗਿਆ ਹੀ ਨਹੀਂ, ਜਦੋਂ ਕਿ ਪਹਿਲਾਂ ਕੱਦੂ ਨਾਲ ਭਰੀਆਂ ਗੱਡੀਆਂ ਦੂਜੇ ਸ਼ਹਿਰਾਂ ਨੂੰ ਜਾਂਦੀਆਂ ਸਨ। ਇਸ ਦੇ ਨਾਲ ਹੀ ਪਿੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੱਧ ਵਰਗ ਕਿਸਾਨ ਪਰਿਵਾਰ ਦੀਆਂ ਮਨਜੀਤ ਕੌਰ ਅਤੇ ਬਿਮਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਦਿਨ ਵੇਲੇ ਬਾਂਦਰ ਅਤੇ ਰਾਤ ਵੇਲੇ ਜੰਗਲੀ ਜਾਨਵਰ ਉਜਾੜਾ ਕਰਦੇ ਹਨ, ਜਿਸ ਕਰ ਕੇ 24 ਘੰਟੇ ਫ਼ਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤ ਇਲਾਕੇ ਵਿੱਚ ਮੰਡੀਕਰਨ ਨਾ ਹੋਣ ਕਰ ਕੇ ਕਿਸਾਨਾਂ ਨੂੰ ਆਪਣੀ ਫ਼ਸਲ ਠੇਕੇਦਾਰ ਦੀ ਮਨਮਰਜ਼ੀ ਨਾਲ ਵੇਚਣੀ ਪੈਂਦੀ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਲੁੱਟ ਤੋਂ ਬਚਾਉਣ ਲਈ ਬੀਤ ਇਲਾਕੇ ਵਿੱਚ ਪੱਕੇ ਤੌਰ ’ਤੇ ਮੰਡੀ ਬਣਾਈ ਜਾਵੇ। ਭਾਜਪਾ ਦੇ ਨੌਜਵਾਨ ਆਗੂ ਅਲੋਕ ਰਾਣਾ ਨੇ ਦੱਸਿਆ ਕਿ ਇੱਕ ਪਾਸੇ ਛੋਟਾ ਕਿਸਾਨ ਜੰਗਲੀ ਜਾਨਵਰਾਂ ਅਤੇ ਬਾਂਦਰਾਂ ਤੋਂ ਪਰੇਸ਼ਾਨ ਹੈ ਅਤੇ ਦੂਜੇ ਪਾਸੇ ਕੱਦੂ ਦੀ ਫ਼ਸਲ ਖ਼ਰਾਬ ਹੋਣ ਕਾਰਨ ਕਾਫੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਫ਼ਸਲ ਲਗਾਈ ਸੀ ਉਨ੍ਹਾਂ ਦਾ ਤਾਂ ਠੇਕਾ ਵੀ ਪੂਰਾ ਨਹੀਂ ਹੋਇਆ। ਅਲੋਕ ਰਾਣਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਕਦੇ ਵੀ ਸੂਬਾ ਸਰਕਾਰ ਨੇ ਬੀਤ ਅਤੇ ਕੰਢੀ ਦੇ ਛੋਟੇ ਕਿਸਾਨਾਂ ਦੀ ਬਾਂਹ ਨਹੀਂ ਫੜੀ ਅਤੇ ਉਨ੍ਹਾਂ ਬੀਜ ਉਤਪਾਦਨ ਵਾਲੀਆਂ ਕੰਪਨੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਵੱਲੋਂ ਮਾੜਾ ਬੀਜ ਕਿਸਾਨਾਂ ਨੂੰ ਵੇਚਿਆ ਗਿਆ। ਅਗਾਂਹਵਧੂ ਕਿਸਾਨ ਭਾਗ ਸਿੰਘ ਅਟਵਾਲ ਨੇ ਵੀ ਕਿਹਾ ਕਿ ਕਿਸਾਨ ਮਹਿੰਗੇ ਭਾਅ ਦੇ ਬੀਜ ਖ਼ਰੀਦ ਕੇ ਲਿਆਉਂਦੇ ਹਨ, ਇਸ ਲਈ ਕੱਦੂ ਦੇ ਬੀਜ ਵੇਚਣ ਵਾਲੀਆਂ ਕੰਪਨੀਆਂ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣੇ ਤੌਰ ’ਤੇ ਬੀਜ ਰੱਖਣ ਦੇ ਢੰਗ ਤਰੀਕੇ ਲਈ ਜਾਣਕਾਰੀ ਸਾਂਝੀ ਕਰਨ ਵਾਸਤੇ ਖੇਤੀਬਾੜੀ ਮਾਹਿਰਾਂ ਦੇ ਬੀਤ ਇਲਾਕੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣ। ਗੜ੍ਹਸ਼ੰਕਰ ਤੋਂ ਭਾਜਪਾ ਦੇ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ 2027 ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਬੀਤ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਖਰੀਦਣ ਲਈ ਇਲਾਕੇ ਵਿੱਚ ਮੰਡੀ ਬਣਾਈ ਜਾਵੇਗੀ ਅਤੇ ਉਨ੍ਹਾਂ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਬੀਤ ਇਲਾਕੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!