|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੁੱਤ ਦੀ ਬੇਅਦਬੀ ਮਗਰੋਂ ਖ਼ਤਰੇ ਦੀ ਘੰਟੀ! ਜੇ ਦੋਸ਼ੀ ਨਾ ਫੜੇ ਗਏ ਤਾਂ ਹੁਣ ਇੱਥੇ ਹੋਵੇਗਾ ਧਰਨਾ

ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਦੀ ਘਿਨਾਉਣੀ ਹਰਕਤ ਨੇ ਪੂਰੇ ਇਲਾਕੇ ਵਿੱਚ ਤਨਾਅ ਪੈਦਾ ਕਰ ਦਿੱਤਾ ਹੈ ਅਤੇ ਇਸ ਘਟਨਾ ਨੇ ਇੱਕ ਵੱਡੇ

NRI Post Desk · 73 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੁੱਤ ਦੀ ਬੇਅਦਬੀ ਮਗਰੋਂ ਖ਼ਤਰੇ ਦੀ ਘੰਟੀ! ਜੇ ਦੋਸ਼ੀ ਨਾ ਫੜੇ ਗਏ ਤਾਂ ਹੁਣ ਇੱਥੇ ਹੋਵੇਗਾ ਧਰਨਾ
📷 NRI Post Desk

ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਦੀ ਘਿਨਾਉਣੀ ਹਰਕਤ ਨੇ ਪੂਰੇ ਇਲਾਕੇ ਵਿੱਚ ਤਨਾਅ ਪੈਦਾ ਕਰ ਦਿੱਤਾ ਹੈ ਅਤੇ ਇਸ ਘਟਨਾ ਨੇ ਇੱਕ ਵੱਡੇ ਸੰਘਰਸ਼ ਦਾ ਰੂਪ ਲੈਣ ਦੀ ਚੇਤਾਵਨੀ ਦੇ ਦਿੱਤੀ ਹੈ। ਇਸ ਸ਼ਰਮਨਾਕ ਘਟਨਾ ਦੇ ਵਿਰੋਧ ਵਿੱਚ ਡਾਕਟਰ ਅੰਬੇਡਕਰ ਆਰਮੀ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਜਥੇਬੰਦੀ ਦੇ ਸਮੂਹ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਨੀਵੀਂ ਮਾਨਸਿਕਤਾ ਵਾਲੀ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਪੰਜਾਬ ਯੂਥ ਪ੍ਰਧਾਨ ਸੁੱਖਾ ਪੰਮਨ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੋਨੂ, ਮੁੱਖ ਸਲਾਹਕਾਰ ਤੇ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਬਾਗੋ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਕਿਸੇ ਇੱਕ ਵਰਗ ਦੇ ਨਹੀਂ, ਸਗੋਂ ਪੂਰੇ ਦੇਸ਼ ਤੇ ਮਾਨਵਤਾ ਦੇ ਰਹਿਬਰ ਹਨ। ਉਨ੍ਹਾਂ ਕਿਹਾ ਕਿ ਅਜਿਹੀ ਨੀਵੀਂ ਮਾਨਸਿਕਤਾ ਵਾਲੀ ਹਰਕਤ ਸਮਾਜ ਵਿੱਚ ਨਫ਼ਰਤ ਫੈਲਾਉਣ ਤੇ ਆਪਸੀ ਭਾਈਚਾਰੇ ਨੂੰ ਤੋੜਨ ਦੀ ਇੱਕ ਡੂੰਘੀ ਸਾਜ਼ਿਸ਼ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪ੍ਰਸ਼ਾਸਨ ਨੂੰ ਤਾਕੀਦ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਫੜਨ ਵਿੱਚ ਢਿੱਲ-ਮੱਠ ਦਿਖਾਈ, ਤਾਂ ਜਥੇਬੰਦੀ ਵੱਲੋਂ ਲੋੜ ਪੈਣ ਤੇ ਸੁਲਤਾਨਪੁਰ ਵਿਖੇ ਇੱਕ ਵਿਸ਼ਾਲ ਤੇ ਤਿੱਖਾ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਦੁੱਖ ਤੇ ਰੋਸ ਦੀ ਘੜੀ ਵਿੱਚ, ਸਮੂਹ ਆਗੂਆਂ ਨੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ, ਧੀਰਜ ਤੇ ਸੰਜਮ ਤੋਂ ਕੰਮ ਲੈਣ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ, ਪਰ ਸਾਨੂੰ ਬਾਬਾ ਸਾਹਿਬ ਦੇ ਦੱਸੇ ਹੋਏ ਸੰਗਠਿਤ ਰਹੋ ਦੇ ਮਾਰਗ ਤੇ ਚੱਲਦਿਆਂ ਇਕਜੁੱਟ ਰਹਿਣਾ ਪਵੇਗਾ, ਕਿਉਂਕਿ ਸਾਡੀ ਏਕਤਾ ਹੀ ਅਜਿਹੀਆਂ ਫੁੱਟ ਪਾਊ ਤਾਕਤਾਂ ਨੂੰ ਕਰਾਰਾ ਜਵਾਬ ਹੈ। ਜਥੇਬੰਦੀ ਨੇ ਸਮਾਜ ਨੂੰ ਆਪਸੀ ਪਿਆਰ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!