|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ 'ਚ ਨੌਜਵਾਨਾਂ ਨੇ ਕੀਤਾ ਕੁਝ ਅਜਿਹਾ, ਜਿਸ ਨਾਲ ਬਦਲ ਸਕਦੀ ਹੈ ਕਈ ਜ਼ਿੰਦਗੀਆਂ ਦੀ ਤਕਦੀਰ

ਲੁਧਿਆਣਾ ਵਿੱਚ ਇੱਕ ਅਜਿਹੀ ਪਹਿਲ ਸਾਹਮਣੇ ਆਈ ਹੈ, ਜਿਸ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਂ ਉਮੀਦ ਜਗਾਈ ਹੈ। ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ ਵੱਲੋਂ 'ਰਕਤ ਦਾਨ ਸੇਵਾ ਅਭਿਆਨ ਮੁਹਿੰਮ' ਤਹਿਤ ਆਪਣਾ ਪਹਿਲਾ ਖੂਨਦਾਨ ਕੈਂਪ ਰੋਟਰੀ ਕਲੱਬ ਵਿਖੇ ਬ

NRI Post Desk · 71 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ 'ਚ ਨੌਜਵਾਨਾਂ ਨੇ ਕੀਤਾ ਕੁਝ ਅਜਿਹਾ, ਜਿਸ ਨਾਲ ਬਦਲ ਸਕਦੀ ਹੈ ਕਈ ਜ਼ਿੰਦਗੀਆਂ ਦੀ ਤਕਦੀਰ
📷 NRI Post Desk

ਲੁਧਿਆਣਾ ਵਿੱਚ ਇੱਕ ਅਜਿਹੀ ਪਹਿਲ ਸਾਹਮਣੇ ਆਈ ਹੈ, ਜਿਸ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਂ ਉਮੀਦ ਜਗਾਈ ਹੈ। ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ ਵੱਲੋਂ 'ਰਕਤ ਦਾਨ ਸੇਵਾ ਅਭਿਆਨ ਮੁਹਿੰਮ' ਤਹਿਤ ਆਪਣਾ ਪਹਿਲਾ ਖੂਨਦਾਨ ਕੈਂਪ ਰੋਟਰੀ ਕਲੱਬ ਵਿਖੇ ਬੜੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਲਾਇਆ ਗਿਆ। ਇਸ ਕੈਂਪ ਦੌਰਾਨ ਨੌਜਵਾਨਾਂ, ਸਮਾਜ-ਸੇਵੀਆਂ ਅਤੇ ਹੋਰ ਸਵੈ-ਇੱਛੁਕ ਖੂਨਦਾਨੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੂਨਦਾਨ ਕੀਤਾ, ਜਿਸ ਨਾਲ ਇਹ ਸਾਬਤ ਹੋਇਆ ਕਿ ਨੌਜਵਾਨ ਪੀੜ੍ਹੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਣ ਲਈ ਤਿਆਰ ਹੈ। ਇਸ ਮੌਕੇ ਐਸਡੀਐਫ ਦੀ ਕਾਰਜਕਾਰੀ ਕਮੇਟੀ ਦੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਖੂਨਦਾਨੀਆਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਜਥੇਬੰਦੀ ਵੱਲੋਂ ਖਾਸ ਤੌਰ 'ਤੇ ਇਹ ਸੁਨੇਹਾ ਦਿੱਤਾ ਗਿਆ ਕਿ ਖੂਨਦਾਨ ਸਿਰਫ਼ ਇੱਕ ਸਮਾਜਿਕ ਸੇਵਾ ਨਹੀਂ, ਸਗੋਂ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨ ਦੀ ਇੱਕ ਨਵੀਂ ਉਮੀਦ ਦੇਣ ਵਾਲਾ ਮਹਾਨ ਕਾਰਜ ਹੈ। ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਨੇ ਕੈਂਪ ਦੀ ਸਫਲਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਸਿਰਫ਼ ਆਪਣੇ ਭਵਿੱਖ ਬਾਰੇ ਹੀ ਨਹੀਂ, ਬਲਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਸਡੀਐਫ ਦਾ ਮੁੱਖ ਉਦੇਸ਼ ਨੌਜਵਾਨ ਸ਼ਕਤੀ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਕੇ ਜਾਣਾ ਅਤੇ ਸਮਾਜ ਸੇਵਾ ਨਾਲ ਜੋੜਨਾ ਹੈ। ਇਸ ਮੁਹਿੰਮ ਰਾਹੀਂ ਥੈਲੇਸੀਮੀਆ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਡੀਐਫ ਭਵਿੱਖ ਵਿੱਚ ਵੀ ਅਜਿਹੇ ਖੂਨਦਾਨ ਕੈਂਪ ਅਤੇ ਹੋਰ ਲੋਕ-ਭਲਾਈ ਦੇ ਪ੍ਰੋਗਰਾਮ ਲਗਾਤਾਰ ਕਰਵਾਉਂਦੀ ਰਹੇਗੀ। ਹੌਬੀ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਮੁੱਚੀ ਕਾਰਜਕਾਰੀ ਕਮੇਟੀ, ਸਾਰੇ ਅਹੁਦੇਦਾਰਾਂ, ਵਰਕਰਾਂ, ਸਹਿਯੋਗੀਆਂ ਅਤੇ ਵਿਸ਼ੇਸ਼ ਤੌਰ 'ਤੇ ਖੂਨਦਾਨ ਕਰਨ ਵਾਲੇ ਸਾਰੇ ਸਵੈ-ਇੱਛੁਕ ਦਾਨੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਫਲਤਾ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੀ ਟੀਮ ਦੀ ਇਕਜੁੱਟ ਮਿਹਨਤ ਅਤੇ ਸੇਵਾ ਭਾਵਨਾ ਦਾ ਨਤੀਜਾ ਹੈ। ਉਨ੍ਹਾਂ ਨੌਜਵਾਨਾਂ ਤੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਸਵੈ-ਇੱਛੁਕ ਖੂਨਦਾਨ ਕਰਨ ਅਤੇ ਮਨੁੱਖਤਾ ਦੀ ਇਸ ਮਹਾਨ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!