ਪਟਿਆਲਾ : ਫਾਦਰ ਐਂਥਨੀ ਦੇ ਘਰੋਂ ਬਰਾਮਦ ਕੈਸ਼ 'ਚੋਂ 6.34 ਕਰੋੜ ਰੁਪਏ ਗ਼ਾਇਬ ਹੋਣ ਦੇ ਮਾਮਲੇ 'ਚ ਫਸੇ ਏਐੱਸਆਈ ਜੋਗਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਪੁਲਿਸ ਨੇ ਮੰਗਲਵਾਰ ਰਾਤ ਰੇਡ ਕੀਤੀ। ਪੁਲਿਸ ਨੂੰ ਜੋਗਿੰਦਰ ਸਿੰਘ ਤਾਂ ਨਹੀਂ ਮਿਲਿਆ ਪਰ ਉਹ ਉਸ ਦੇ ਪੁੱਤਰ ਨੂੰ ਪੁੱਛਗਿੱਛ ਲਈ ਉਠਾ ਕੇ ਲੈ ਗਈ ਹੈ।ਸੂਤਰਾਂ ਅਨੁਸਾਰ ਸਿਵਲ ਵਰਦੀ ਵਿਚ ਪਹਿਲਾਂ ਕਰੀਬ ਚਾਰ ਮੁਲਾਜ਼ਮ ਆਏ, ਜੋ ਕਰੀਬ ਦੋ ਘੰਟੇ ਤਕ ਉੱਥੇ ਰਹੇ। ਇਸ ਤੋਂ ਬਾਅਦ ਉੱਥੇ ਪੁਲਿਸ ਦੀਆਂ ਪੰਜ ਗੱਡੀਆਂ ਹੋਰ ਪੁੱਜੀਆਂ ਅਤੇ ਦੋ ਲੋਕਾਂ ਨੂੰ ਚੁੱਕ ਕੇ ਲੈ ਗਈਆਂ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਏਐੱਸਆਈ ਜੋਗਿੰਦਰ ਸਿੰਘ ਦੇ ਪੁੱਤਰ ਨੂੰ ਫੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਜੋਗਿੰਦਰ ਸਿੰਘ ਦੇ ਆਪਣੇ ਪੁੱਤਰ ਨਾਲ ਫੋਨ ਕਾਲ ਹੋਣ ਦੇ ਸਬੂਤ ਮਿਲੇ ਹਨ। ਓਧਰ, ਪੁਲਿਸ ਨੇ ਪੂਰੇ ਮਾਮਲੇ 'ਤੇ ਚੁੱਪ ਧਾਰ ਰੱਖੀ ਹੈ। ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸਿਰਫ਼ ਇੰਨਾ ਕਿਹਾ ਕਿ ਛਾਪਾ ਮਾਰਿਆ ਗਿਆ ਹੈ ਪਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਹਿ ਸਕਦੇ।
ਸੰਬੰਧਿਤ ਖ਼ਬਰਾਂ
ਜ਼ਿਕਰਯੋਗ ਹੈ ਕਿ ਬੀਤੀ 30 ਮਾਰਚ ਨੂੰ ਖੰਨਾ ਪੁਲਿਸ ਨੇ ਜਲੰਧਰ ਦੇ ਪ੍ਰਤਾਪਪੁਰਾ ਵਿਖੇ ਛਾਪੇਮਾਰੀ ਕਰ ਕੇ ਫਾਦਰ ਐਂਥਨੀ ਦੇ ਘਰੋਂ 9.66 ਕਰੋੜ ਬਰਾਮਦ ਕੀਤੇ ਸਨ। ਪੁਲਿਸ ਦਾ ਦੋਸ਼ ਸੀ ਕਿ ਇਹ ਹਵਾਲਾ ਮਨੀ ਹੈ। ਉੱਥੇ, ਅਗਲੇ ਦਿਨ ਫਾਦਰ ਐਂਥਨੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰੋਂ ਕਰੀਬ 16 ਕਰੋੜ ਰੁਪਏ ਸਨ ਅਤੇ ਪੁਲਿਸ ਨੇ ਸਿਰਫ਼ 9.66 ਕਰੋੜ ਦੀ ਬਰਾਮਦਗੀ ਦਿਖਾ ਕੇ ਬਾਕੀ 6.34 ਕਰੋੜ ਹੜੱਪ ਲਏ ਹਨ।ਮਾਮਲਾ ਮੁੱਖ ਮੰਤਰੀ ਤਕ ਪਹੁੰਚਣ ਅਤੇ ਸੰਗੀਨ ਦੋਸ਼ਾਂ ਕਾਰਨ ਸਦਮੇ 'ਚ ਆਏ ਡੀਜੀਪੀ ਦਿਨਕਰ ਗੁਪਤਾ ਨੇ ਮਾਮਲੇ ਦੀ ਜਾਂਚ ਆਈਜੀ ਕ੍ਰਾਈਮ ਪੀਕੇ ਸਿਨਹਾ ਨੂੰ ਸੌਂਪ ਦਿੱਤੀ ਸੀ।
ਸਿਨਹਾ ਨੇ ਆਪਣੀ ਰਿਪੋਰਟ ਵਿਚ ਖੰਨਾ ਪੁਲਿਸ ਦੇ ਦੋ ਏਐੱਸਆਈ ਰਾਜਪ੍ਰੀਤ ਸਿੰਘ, ਜੋਗਿੰਦਰ ਸਿੰਘ ਅਤੇ ਇਕ ਮੁਖਬਿਰ ਸਤਿੰਦਰ ਸਿੰਘ 'ਤੇ ਸ਼ੱਕ ਜ਼ਾਹਿਰ ਕੀਤਾ ਸੀ। ਬੀਤੇ ਦਿਨੀਂ ਮਾਮਲੇ ਵਿਚ ਤਿੰਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੋਂ ਬਾਅਦ ਇਸ ਦੀ ਜਾਂਚ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੂੰ ਸੌਂਪ ਦਿੱਤੀ ਗਈ ਸੀ। ਉਦੋਂ ਤੋਂ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਹੱਥ-ਪੈਰ ਮਾਰ ਰਹੀ ਹੈ।






