ਕਪੂਰਥਲਾ : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮਤਦਾਨ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਦੇ ਮੰਤਵ ਨਾਲ ਤਿਆਰ ਕੀਤੀ ਗਈ ਵਿਸ਼ੇਸ਼ ਵੋਟਰ ਜਾਗਰੂਕਤਾ ਵੈਨ ਨੂੰ ਅੱਜ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਡੀ. ਪੀ. ਐਸ ਖਰਬੰਦਾ ਦੀਆਂ ਹਦਾਇਤਾਂ 'ਤੇ ਨੋਡਲ ਅਫ਼ਸਰ 'ਸਵੀਪ'-ਕਮ-ਸਹਾਇਕ ਕਮਿਸ਼ਨਰ ਕਪੂਰਥਲਾ ਡਾ. ਸ਼ਿਖਾ ਭਗਤ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜ਼ਿਲੇ ਦੇ ਸਾਰੇ ਹਲਕਿਆਂ ਵਿੱਚ 28 ਅਪ੍ਰੈਲ ਤੱਕ ਚੱਲਣ ਵਾਲੀ ਇਹ ਵੈਨ ਜ਼ਿਲੇ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰੇਗੀ।
ਸੰਬੰਧਿਤ ਖ਼ਬਰਾਂ
ਵੈਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਐੱਲ. ਈ. ਡੀ. ਸਕਰੀਨ ਅਤੇ ਆਡੀਓ-ਵੀਡੀਓ ਸਿਸਟਮ ਨਾਲ ਲੈਸ ਇਹ ਵੈਨ ਜ਼ਿਲੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਜਾ ਕੇ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਨਾਲ ਸਬੰਧਤ ਮੋਬਾਇਲ ਐਪਸ ਬਾਰੇ ਵੀ ਵਿਸਥਾਰ ਵਿਚ ਦੱਸੇਗੀ ਅਤੇ ਵੋਟਰ ਚੇਤਨਾ ਪੈਦਾ ਕਰੇਗੀ। ਉਨਾਂ ਦੱਸਿਆ ਕਿ 'ਸਵੀਪ' ਗਤੀਵਿਧੀਆਂ ਤਹਿਤ ਜਾਗਰੂਕਤਾ ਵੈਨ ਤੋਂ ਇਲਾਵਾ ਹੋਰ ਵੱਖ-ਵੱਖ ਸਾਧਨਾਂ ਰਾਹੀਂ ਜ਼ਿਲੇ ਦੇ ਲੋਕਾਂ ਵਿਚ ਵੋਟਰ ਜਾਗਰੂਕਤਾ ਪੈਦਾ ਕਰਨ ਅਤੇ ਸਾਰੇ ਵੋਟਰਾਂ ਦੀ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤਾ ਜਾ ਰਹੇ ਹਨ। ਇਸ ਮੌਕੇ 'ਸਵੀਪ' ਕੋਆਰਡੀਨੇਟਰ ਸ. ਪਰਮਜੀਤ ਸਿੰਘ, ਮੈਡਮ ਪੂਜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।






