ਕਪੂਰਥਲਾ : ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀ ਚੋਣ ਲੜ ਰਹੇ ਕਿਸੇ ਵੀ ਉਮੀਦਵਾਰ ਵੱਲੋਂ ਇਲੈਕਟ੍ਰਾਨਿਕ ਮੀਡੀਆ 'ਤੇ ਇਸ਼ਤਿਹਾਰ ਦੇਣ ਲਈ ਜ਼ਿਲਾ ਪੱਧਰੀ 'ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ' (ਐਮ. ਸੀ. ਐਮ ਸੀ) ਤੋਂ ਅਗਾਊਂ ਸਰਟੀਫਿਕੇਟ ਲੈਣਾ ਲਾਜ਼ਮੀ ਹੈ। ਇਹ ਜਾਣਕਾਰੀ ਦਿੰਦਿਆਂ ਚੇਅਰਮੈਨ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਇਸ਼ਤਿਹਾਰ ਟੈਲੀਕਾਸਟ ਹੋਣ ਤੋਂ ਤਿੰਨ ਦਿਨ ਪਹਿਲਾਂ 'ਐਮ. ਸੀ. ਐਮ ਸੀ' ਕੋਲ ਮਨਜ਼ੂਰੀ ਲਈ ਅਪਲਾਈ ਕੀਤਾ ਜਾਣਾ ਜ਼ਰੂਰੀ ਹੈ ਅਤੇ ਕਮੇਟੀ ਵੱਲੋਂ 48 ਘੰਟੇ ਵਿਚ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਰੇਡੀਓ ਅਤੇ ਸਿਨੇਮਾ ਹਾਲ ਲਈ ਇਸ਼ਤਿਹਾਰ ਦੇਣ ਲਈ ਵੀ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਸ ਸਬੰਧੀ ਪ੍ਰਵਾਨਗੀ ਲਈ ਅਰਜ਼ੀ ਦੇ ਨਾਲ ਇਸ਼ਤਿਹਾਰ ਦੀ ਹਾਰਡ ਤੇ ਸਾਫਟ ਕਾਪੀ (ਰਿਕਾਰਡਿੰਗ ਅਤੇ ਲਿਖਤੀ ਰੂਪ ਵਿਚ) ਦੇਣੀ ਲਾਜ਼ਮੀ ਹੋਵੇਗੀ। ਉਨਾਂ ਕਿਹਾ ਕਿ ਜੇਕਰ ਜ਼ਿਲੇ ਨਾਲ ਸਬੰਧਤ ਕੋਈ ਵੀ ਉਮੀਦਵਾਰ ਇਲੈਕਟ੍ਰਾਨਿਕ ਮੀਡੀਆ ਆਦਿ 'ਤੇ ਅਜਿਹਾ ਕੋਈ ਇਸ਼ਤਿਹਾਰ ਦੇਣਾ ਚਾਹੁੰਦਾ ਹੈ ਤਾਂ ਉਸ ਦੀ ਮਨਜ਼ੂਰੀ ਲਈ ਪੁਰਾਣੀ ਕਚਹਿਰੀ ਕਪੂਰਥਲਾ ਵਿਚ ਜ਼ਿਲਾ ਖ਼ਜਾਨਾ ਦਫ਼ਤਰ ਦੇ ਸਾਹਮਣੇ ਸਥਾਪਿਤ ਕੀਤੇ ਗਏ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਸੈੱਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜ਼ਿਲੇ ਨਾਲ ਸਬੰਧਤ ਜੇਕਰ ਕਿਸੇ ਉਮੀਦਵਾਰ ਵੱਲੋਂ ਇਲੈਕਟ੍ਰਾਨਿਕ ਮੀਡੀਆ ਵਿਚ ਬਿਨਾਂ ਮਨਜ਼ੂਰੀ ਤੋਂ ਇਸ਼ਤਿਹਾਰ ਟੈਲੀਕਾਸਟ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਚੋਣ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।






