ਮੋਹਾਲੀ : ਆਬਕਾਰੀ ਅਤੇ ਕਰ ਵਿਭਾਗ ਵੱਲੋਂ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਪੁਲਿਸ ਮੁੱਖੀ ਮੋਹਾਲੀ ਹਰਚਰਨ ਸਿੰਘ ਭੁੱਲਰ ਅਤੇ ਏ.ਆਈ.ਜੀ ਆਬਕਾਰੀ ਅਤੇ ਕਰ ਵਿਭਾਗ ਪੰਜਾਬ ਗੁਰਚੈਨ ਸਿੰਘ ਧਨੋਆ ਦੀ ਅਗਵਾਈ ਹੇਠ ਸਾਂਝੇ ਤੌਰ 'ਤੇ ਛਾਪੇਮਾਰੀ ਕਰਕੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਏ.ਐਲ.ਪੀ ਧਾਗਾ ਮਿੱਲ ਦੇ ਪਿਛਲੇ ਪਾਸੇ ਸਿਤਾਰਪੁਰ ਸੰਪਰਕ ਸੜਕ 'ਤੇ ਸਥਿਤ ਇੱਕ ਫੈਕਟਰੀ ਵਿੱਚੋਂ ਨਜਾਇਜ ਢੰਗ ਨਾਲ ਜਾਅਲੀ ਸਰਾਬ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁੱਖੀ ਮੋਹਾਲੀ ਹਰਚਰਨ ਸਿੰਘ ਭੁੱਲਰ ਅਤੇ ਏ.ਆਈ.ਜੀ ਆਬਕਾਰੀ ਤੇ ਕਰ ਵਿਭਾਗ ਪੰਜਾਬ ਗਰਚੈਨ ਸਿੰਘ ਧਨੋਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਇੱਕ ਬੇਅਬਾਦ ਪਈ ਫੈਕਟਰੀ ਵਿੱਚ ਨਕਲੀ ਸਰਾਬ ਬਣਾਉਣ ਦਾ ਧੰਦਾ ਚਲ ਰਿਹਾ ਹੈ, ਜਿਸ ਦੀ ਰੈਕੀ ਕਰਨ ਉਪਰੰਤ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਡੀ ਮਾਤਰਾਂ ਵਿੱਚ ਸਰਾਬ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਗਿਆ ਅਤੇ ਇਥੇ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਇਸ ਧੰਦੇ ਨਾਲ ਜੁੜੇ ਮੁੱਖ ਸਰਗਨਾ ਲਵਨ ਸ਼ਰਮਾ ਵਾਸੀ ਐਸ.ਐਸ.ਟੀ ਨਗਰ ਪਟਿਆਲਾ, ਮੰਗਾ ਚੱਡਾ ਵਾਸੀ ਪਟਿਆਲਾ ਅਤੇ ਜੇ.ਡੀ ਵਾਸੀ ਨਰਾਇਣਗੜ੍ਹ (ਅੰਬਾਲਾ) ਹਨ,ਜੋ ਵੱਡੀ ਮਾਤਰਾ ਵਿੱਚ ਜਾਅਲੀ ਸਰਾਬ ਬਣਾ ਕੇ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿੱਚ ਸਪਲਾਈ ਕਰਦੇ ਸਨ।ਸ. ਭੁੱਲਰ ਨੇ ਦੱਸਿਆ ਕਿ ਮੌਕੇ ਤੋਂ 5 ਹਜ਼ਾਰ ਲੀਟਰ ਦੇ ਦੋ ਟੈਂਕ ਸਮੇਤ ਤਿਆਰ ਜਾਅਲੀ ਸਰਾਬ, ਇੱਕ ਹਜ਼ਾਰ ਪੇਟੀ ਤਿਆਰ ਜਾਅਲੀ ਸਰਾਬ ਮਾਰਕਾ ਰਸੀਲ ਸੰਤਰਾ (ਫਾਰ ਸੇਲ ਇੰਨ ਪੰਜਾਬ ਓਨਲੀ) ਨਾਲ ਲੋਡ ਇੱਕ ਟਰੱਕ, 83 ਹਜਾਰ 600 ਲੇਬਲ ਮਾਰਕਾ ਪੰਜਾਬ ਰਸੀਲ ਸੰਤਰਾ, 69048 ਹੋਲੀਗਰਾਮ ਪੰਜਾਬ, 6 ਲੱਖ 27 ਹਜ਼ਾਰ ਬੋਤਲਾਂ ਦੇ ਢੱਕਣ, ਡਿਊਕ ਟੇਪ, 1210 ਰਾਇਲ ਸਟੈਗ ਦੀਆਂ ਖਾਲੀ ਬੋਤਲਾਂ, ਅੰਗਰੇਜ਼ੀ ਸਰਾਬ ਤਿਆਰ ਕਰਨ ਲਈ 14 ਡਰੱਮ, ਸੈਕੇਨਾਂ 4-5 ਡਰੱਮ, ਕੋਰਾਵਲ 2 ਡਰੱਮ, 50 ਲੀਟਰ ਐਸਕਿਊਜ਼, ਸਰਾਬ ਤਿਆਰ ਕਰਨ ਅਤੇ ਭਰਨ ਦੀ ਮਸ਼ੀਨ ਤੋਂ ਇਲਾਵਾ ਜਾਅਲੀ ਸਰਾਬ ਵੇਚ ਕੇ ਹੋਈ ਕਮਾਈ ਤੋਂ ਖਰੀਦਿਆਂ ਗਿਆ ਜਨਰੇਟਰ ਜਿਸ ਤੋਂ ਬਿਜਲੀ ਪੈਦਾ ਕਰਕੇ ਸਰਾਬ ਬਣਾਈ ਜਾਂਦੀ ਸੀ ਅਤੇ ਸਰਾਬ ਸਪਲਾਈ ਕਰਨ ਵਿੱਚ ਵਰਤੀ ਜਾਂਦੀ ਇੱਕ ਮਿੰਨੀ ਬੱਸ ਬਰਾਮਦ ਕੀਤੀ ਹੈ।
ਸੰਬੰਧਿਤ ਖ਼ਬਰਾਂ
ਪੁਲਿਸ ਨੇ ਦੱਸਿਆ ਕਿ ਗਰੋਹ ਦੇ ਸਰਗਨਾਂ ਹਰਮਿੰਦਰ ਸਿੰਘ ਉਰਫ਼ ਮੰਗਾ ਚੱਡਾ ਖਿਲਾਫ਼ ਇਸ ਤੋਂ ਪਹਿਲਾਂ ਵੀ ਸੰਗਰੂਰ ਵਿਖੇ ਜਾਅਲੀ ਸਰਾਬ ਦੇ ਤਿੰਨ ਮਾਮਲੇ ਦਰਜ ਹਨ। ਅਜੇ ਪੁਲੀਸ ਅਤੇ ਆਬਕਾਰੀ ਤੇ ਕਰ ਵਿਭਾਗ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕਰ ਰਿਹਾ ਹੈ ਅਤੇ ਲਾਲੜੂ ਥਾਣੇ ਵਿੱਚ ਇਸ ਸਬੰਧੀ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਡੀ.ਐਸ.ਪੀ ਡੇਰਾਬੱਸੀ ਸਿਮਰਨਜੀਤ ਸਿੰਘ ਅਤੇ ਥਾਣਾ ਮੁੱਖੀ ਲਾਲੜੂ ਗੁਰਚਰਨ ਸਿੰਘ ਵੀ ਹਾਜ਼ਰ ਸਨ। ਅੱਜ ਦੀ ਇਹ ਕਾਰਵਾਈ ਕਰਨ ਵਾਲੀ ਟੀਮ ਵਿੱਚ ਉਪ ਆਬਕਾਰੀ ਤੇ ਕਰ ਕਮਿਸ਼ਨਰ (ਡੀ) ਸ੍ਰੀ ਨਰੇਸ਼ ਦੂਬੇ, ਏ.ਈ.ਟੀ.ਸੀ ਮੋਹਾਲੀ ਪਰਮਜੀਤ ਸਿੰਘ, ਈ.ਟੀ.ਓ ਐਕਸਾਇਜ ਮੋਹਾਲੀ ਵਿਨੋਦ ਪਹੂਜਾ, ਐਸ.ਪੀ ਪ੍ਰਰੀਤੀਪਾਲ ਸਿੰਘ, ਡੀ.ਐਸ.ਪੀ ਐਕਸਾਈਜ਼ ਤੇਜਿੰਦਰ ਸਿੰਘ ਧਾਲੀਵਾਲ, ਐਕਸਾਈਜ ਇੰਸਪੈਕਟਰ ਡੇਰਾਬੱਸੀ ਸਰੂਪ ਇੰਦਰ ਸਿੰਘ ਸੰਧੂ, ਐਕਸ਼ਾਈਜ ਇੰਸਪੈਕਟਰ ਮੋਹਾਲੀ ਜਸਪ੍ਰਰੀਤ ਸਿੰਘ, ਐਸ.ਆਈ ਕੁਲਵਿੰਦਰ ਸਿੰਘ, ਏ.ਐਸ.ਆਈ ਲਵਦੀਪ ਸਿੰਘ ਅਤੇ ਜਗਦੀਪ ਸ਼ਰਮਾ ਸਾਮਿਲ ਸਨ।
6 ਮਹੀਨਿਆਂ ਵਿੱਚ ਜਾਅਲੀ ਸਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ ਕਰਨ ਦੀ ਵਿਭਾਗ ਦੀ ਇਹ ਦੂਜੀ ਕਾਰਵਾਈ ਹੈ, ਇਸ ਤੋਂ ਪਹਿਲਾਂ 14 ਨਵੰਬਰ ਨੂੰ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਛਾਪੇਮਾਰੀ ਕਰਕੇ ਪਿੰਡ ਦੱਪਰ ਨੇੜਿਓ ਇੱਕ ਨਾਜਾਇਜ਼ ਢੰਗ ਨਾਲ ਜਾਅਲੀ ਸਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ ਕਰਕੇ ਇਥੋ ਵੱਡੀ ਮਾਤਰਾ ਵਿੱਚ ਸਰਾਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਸੀ।






