ਕਪੂਰਥਲਾ : ਜ਼ਿਲੇ ਵਿਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਦੇ ਸਾਰੇ ਅਵਾਰਾ ਪਸ਼ੂਆਂ ਨੂੰ ਫੜ ਕੇ ਕਮਾਲਪੁਰ ਗਊਸ਼ਾਲਾ ਲਿਆਂਦਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਕਮਾਲਪੁਰ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਸੜਕਾਂ 'ਤੇ ਅਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਵਾਪਰਦੇ ਹਨ, ਜਿਸ ਦਾ ਹੁਣ ਸਥਾਈ ਹੱਲ ਹੋ ਜਾਵੇਗਾ।
ਸੰਬੰਧਿਤ ਖ਼ਬਰਾਂ
ਉਨਾਂ ਦੱਸਿਆ ਕਿ ਕਮਾਲਪੁਰ ਗਊਸ਼ਾਲਾ ਦੇ ਨਵੇਂ ਸ਼ੈੱਡ ਦਾ ਕੰਮ ਲੱਗਭਗ ਮੁਕੰਮਲ ਹੋ ਗਿਆ ਹੈ, ਜਿਸ ਨਾਲ ਇਸ ਦੀ ਸਮੱਰਥਾ ਵਿਚ ਵੱਡਾ ਵਾਧਾ ਹੋ ਗਿਆ ਹੈ। ਇਸ ਦੌਰਾਨ ਉਨਾਂ ਕਮਾਲਪੁਰ ਗਊਸ਼ਾਲਾ ਦੀ ਬਿਹਤਰੀ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਤੋਂ ਸੁਝਾਅ ਵੀ ਲਏ। ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ 'ਤੇ ਸ਼ਹਿਰ ਵਿਚ 'ਆਪਣੀ ਮੰਡੀ' ਨੂੰ ਜਲਦ ਹੀ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਅਧਿਕਾਰੀਆਂ ਨੂੰ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ. ਕੰਵਲਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਕੁਲਵਿੰਦਰ ਸਿੰਘ ਸੰਧੂ, ਡੀ. ਡੀ. ਐਮ ਨਾਬਾਰਡ ਸ੍ਰੀ ਰਾਕੇਸ਼ ਵਰਮਾ, ਉੱਪ ਨਿਰਦੇਸ਼ਕ ਕੇ. ਵੀ. ਕੇ ਡਾ. ਜੁਗਰਾਜ ਸਿੰਘ, ਸ੍ਰੀ ਕਪੂਰ ਚੰਦ ਗਰਗ, ਮੈਡਮ ਸੀਤਾ ਢੰਡ, ਸ੍ਰੀ ਪ੍ਰਮੋਦ ਗੁਪਤਾ, ਸ੍ਰੀ ਸਾਹਿਲ ਓਬਰਾਏ, ਸ੍ਰੀ ਸੰਜੀਵ ਕੁਮਾਰ, ਡਾ. ਦਵਿੰਦਰ ਆਨੰਦ, ਡਾ. ਰਮੇਸ਼ ਸ਼ਰਮਾ, ਸ੍ਰੀ ਵਿਜੇ ਖੋਸਲਾ, ਸ. ਗੁਰਪ੍ਰੀਤ ਸਿੰਘ ਸਿੱਧੂ, ਸ. ਪਰਮਜੀਤ ਸਿੰਘ, ਸ੍ਰੀ ਰਿੰਕੂ ਭੱਟੀ ਤੇ ਹੋਰ ਹਾਜ਼ਰ ਸਨ।






