ਹੁਸ਼ਿਆਰਪੁਰ (ਇੰਦਰਜੀਤ ਸਿੰਘ ਚਾਹਲ) : ਸਵੀਪ ਗਤੀਵਿਧੀਆਂ ਤਹਿਤ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿੱਚ ਬਸੰਤ ਮੇਲਾ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਨੇ ਸ਼ਿਰਕਤ ਕੀਤੀ। ਇਸ ਮੌਕੇ ਪੀ.ਸੀ.ਐਸ. ਅਧਿਕਾਰੀ ਸ੍ਰੀ ਅਮਿਤ ਸਰੀਨ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਨੌਜਵਾਨਾਂ ਨੂੰ ਵੋਟ ਬਣਾ ਕੇ ਲੋਕਤੰਤਰ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਮਹੱਤਤਾ ਬਾਰੇ ਨੌਜਵਾਨ ਖੁਦ ਜਾਗਰੂਕ ਹੋ ਕੇ ਅੱਗੇ ਵੀ ਜਾਗਰੂਕਤਾ ਫੈਲਾਉਣ, ਤਾਂ ਜੋ ਹਰ ਵਿਅਕਤੀ ਬਿਨ੍ਹਾ ਕਿਸੇ ਡਰ, ਲਾਲਚ ਅਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ। ਉਨ੍ਹਾਂ ਕਿਹਾ ਕਿ 18 ਸਾਲ ਅਤੇ ਇਸ ਤੋਂ ਵੱਧ ਦੀ ਉਮਰ ਦੇ ਨੌਜਵਾਨ ਪਹਿਲ ਦੇ ਆਧਾਰ 'ਤੇ ਵੋਟ ਬਣਾਉਣ। ਇਸ ਮੌਕੇ ਉਨ੍ਹਾਂ ਬਿਨ੍ਹਾ ਕਿਸੇ ਲਾਲਚ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਸਹੁੰ ਵੀ ਚੁਕਾਈ।
ਸੰਬੰਧਿਤ ਖ਼ਬਰਾਂ
ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਵਿੱਚ ਵਿਦਿੱਅਕ ਸੰਸਥਾਵਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ, ਇਸ ਲਈ ਵਿਦਿੱਅਕ ਅਦਾਰਿਆਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਪਤੰਗਾਂ 'ਤੇ ਵੋਟਰ ਜਾਗਰੂਕਤਾ ਸਬੰਧੀ ਸਲੋਗਨ ਲਿਖੇ ਗਏ ਸਨ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵੋਟ ਜਾਗਰੂਕਤਾ ਸਬੰਧੀ ਕਵਿਤਾ ਵੀ ਪੇਸ਼ ਕੀਤੀ। ਸਮਾਗਮ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਸ਼ਰਮਾ ਨੇ ਭਰੋਸਾ ਦੁਆਇਆ ਕਿ ਕਾਲਜ ਦੇ ਸਾਰੇ ਵਿਦਿਆਰਥੀ ਇਕ ਜ਼ਿੰਮੇਵਾਰ ਵੋਟਰ ਬਣ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਕਰਨੈਲ ਸਿੰਘ, ਸਵੀਪ ਦੇ ਨੋਡਲ ਇੰਚਾਰਜ ਸ੍ਰੀ ਚੰਦਰ ਪ੍ਰਕਾਸ਼ ਸਿੰਘ, ਮਾਸਟਰ ਟਰੇਨਰ ਸ੍ਰੀ ਮਨੋਜ ਕੁਮਾਰ, ਡਾ. ਮੋਨਿਕਾ, ਪ੍ਰੋ: ਰੋਮਾ ਰਲੱਹਨ, ਪ੍ਰਿੰਸੀਪਲ ਅਮਨਦੀਪ ਸ਼ਰਮਾ ਤੋਂ ਇਲਾਵਾ ਕਰਵੱਟ ਏਕ ਬਦਲਾਵ ਸੋਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ।






