ਕਪੂਰਥਲਾ : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲੇ ਦੇ ਹਰੇਕ ਵਿਧਾਨ ਸਭਾ ਖੇਤਰ ਵਿਚ ਕੇਵਲ ਮਹਿਲਾ ਵੋਟਰਾਂ ਲਈ ਬਣਾਏ ਜਾ ਰਹੇ ਗੁਲਾਬੀ ਪੋਲਿੰਗ ਬੂਥਾਂ ਤਹਿਤ ਬੀ. ਡੀ. ਪੀ. ਓ ਦਫ਼ਤਰ ਕਪੂਰਥਲਾ ਵਿਖੇ ਵੀ ਔਰਤਾਂ ਲਈ ਬੂਥ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਬੀ. ਡੀ. ਪੀ. ਓ ਦਫ਼ਤਰ ਦੀ ਸਾਫ਼-ਸਫ਼ਾਈ ਅਤੇ ਰੰਗ-ਰੋਗਨ ਕਰਕੇ ਜਿਥੇ ਇਸ ਦੀ ਦਿੱਖ ਸੰਵਾਰੀ ਗਈ ਹੈ ਉਥੇ ਸਜਾਵਟੀ ਬੂਟਿਆਂ ਅਤੇ ਕਾਰਪੈਟ ਆਦਿ ਨਾਲ ਇਸ ਦੀ ਨੁਹਾਰ ਬਿਲਕੁਲ ਬਦਲੀ ਜਾ ਰਹੀ ਹੈ।
ਸੰਬੰਧਿਤ ਖ਼ਬਰਾਂ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਇਸ ਬੂਥ ਦਾ ਜਾਇਜ਼ਾ ਲਿਆ ਅਤੇ ਉਥੇ ਪੌਦੇ ਵੀ ਲਗਾਏ। ਇਸ ਮੌਕੇ ਉਨਾਂ ਦੱਸਿਆ ਕਿ ਇਹ ਬੂਥ ਕੇਵਲ ਮਹਿਲਾ ਵੋਟਰਾਂ ਲਈ ਹੋਵੇਗਾ ਅਤੇ ਇਥੇ ਮਹਿਲਾ ਸਟਾਫ ਤੋਂ ਇਲਾਵਾ ਮਹਿਲਾ ਪੁਲਿਸ ਸੁਰੱਖਿਆ ਕਰਮੀ ਹੀ ਤਾਇਨਾਤ ਕੀਤੀਆਂ ਜਾਣਗੀਆਂ ਤਾਂ ਜੋ ਮਹਿਲਾ ਵੋਟਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਲੋਕਤੰਤਰ ਦੀ ਮਜ਼ਬੂਤੀ ਵਿਚ ਆਪਣਾ ਯੋਗਦਾਨ ਦੇਣ। ਇਸ ਮੌਕੇ ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ ਅਤੇ ਸ੍ਰੀ ਸਾਹਿਲ ਓਬਰਾਏ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।






