ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਸਿਮਰਜੀਤ ਸਿੰਘ ਬੈਂਸ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਟਰਾਂਸਪੋਰਟ ਨਗਰ ਸਥਿਤ ਘੋੜਾ ਕਾਲੋਨੀ ਤੋਂ ਨਸ਼ੀਲਾ ਪਦਾਰਥ ਖਰੀਦਿਆ ਤੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਕਰ ਦਿੱਤੀ। ਇਸ ਮਾਮਲੇ 'ਚ ਖਰੀਦੀ ਗਈ ਨਸ਼ੇ ਦੀ ਖੇਪ ਲੈ ਕੇ ਖੁਦ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੁਲਿਸ ਕਮਿਸ਼ਨਰ ਦੇ ਦਫਤਰ ਪਹੁੰਚੇ ਤੇ ਨਸ਼ੇ ਦੀ ਸ਼ਰੇਆਮ ਵਿਕਰੀ ਨੂੰ ਲੈ ਕੇ ਸ਼ਿਕਾਇਤ ਕੀਤੀ।ਇਸ ਦੌਰਾਨ ਵਿਧਾਇਕ ਨੇ ਪੁਲਿਸ ਕਮਿਸ਼ਨਰ ਨੂੰ ਦੱਸਿਆ ਕਿ ਉਨ੍ਹਾਂ ਆਪਣਾ ਇਕ ਆਦਮੀ ਨਸ਼ੀਲਾ ਪਦਾਰਥ ਖਰੀਦਣ ਲਈ ਟਰਾਂਸਪੋਰਟ ਨਗਰ ਭੇਜਿਆ ਤੇ ਪੈਸੇ ਦੇ ਕੇ ਨਸ਼ੀਲਾ ਪਦਾਰਥ ਖਰੀਦਿਆ।
ਸੰਬੰਧਿਤ ਖ਼ਬਰਾਂ
ਇਹ ਸਾਰਾ ਮਾਮਲਾ ਫੇਸਬੁੱਕ ਪੇਜ 'ਤੇ ਲਗਾਤਾਰ ਦੋ ਘੰਟੇ ਲਾਈਵ ਚੱਲਦਾ ਰਿਹਾ।ਵਿਧਾਇਕ ਨੇ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਨਸ਼ੇ ਦੇ ਕਾਰੋਬਾਰੀ ਸ਼ਰੇਆਮ ਮੌਤ ਦਾ ਸਾਮਾਨ ਵੇਚ ਰਹੇ ਹਨ। ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਫੇਸਬੁੱਕ 'ਤੇ ਲਾਈਵ ਹੋ ਕੇ ਇਸ ਮਾਮਲੇ ਨੂੰ ਉਨ੍ਹਾਂ ਸਾਰਿਆਂ ਸਾਹਮਣੇ ਸਾਫ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਤੇ ਪੁਲਿਸ ਅੱਖਾਂ ਬੰਦ ਕਰੀ ਬੈਠੀ ਹੈ। ਉਨ੍ਹਾਂ ਅੱਧਾ ਨਸ਼ੀਲਾ ਪਦਾਰਥ ਪੁਲਿਸ ਹਵਾਲੇ ਕਰ ਦਿੱਤਾ ਤੇ ਅੱਧਾ ਆਪਣੇ ਕੋਲ ਰੱਖ ਲਿਆ। ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਵਿਧਾਇਕ ਨੂੰ ਕਿਹਾ ਕਿ ਤੁਸੀਂ ਸ਼ਿਕਾਇਤ ਕਰ ਦਿਓ। ਇਸ ਮਾਮਲੇ 'ਚ ਪੁਲਿਸ ਆਪਣੇ ਤਰੀਕੇ ਨਾਲ ਕਾਰਵਾਈ ਕਰ ਲਵੇਗੀ।






