ਕਪੂਰਥਲਾ : ਜ਼ਿਲਾ ਬੈਂਕਿੰਗ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਉਨਾਂ ਦੇ ਦਫ਼ਤਰ ਵਿਖੇ ਹੋਈ। ਇਸ ਮੌਕੇ ਜ਼ਿਲੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਸ. ਅਵਤਾਰ ਸਿੰਘ ਭੁੱਲਰ ਨੇ ਹਦਾਇਤ ਕੀਤੀ ਕਿ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ।
ਉਨਾਂ ਕਿਹਾ ਕਿ ਕੁਝ ਬੈਂਕਾਂ ਵੱਲੋਂ ਇਸ ਸਬੰਧੀ ਲਾਭਪਾਤਰੀਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਆਈਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਬੈਂਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਬਸਿਡੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨਾਂ ਦਾ ਵੱਧ ਤੋਂ ਵੱਧ ਲਾਭ ਦੇਣ। ਉਨਾਂ ਇਹ ਵੀ ਕਿਹਾ ਕਿ ਬੈਂਕ ਕਮਜ਼ੋਰ ਵਰਗਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਨੂੰ ਵਿਸ਼ੇਸ਼ ਤਰਜੀਹ ਦੇਣ ਅਤੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ।
ਸੰਬੰਧਿਤ ਖ਼ਬਰਾਂ
ਸ. ਭੁੱਲਰ ਨੇ ਸਵੈ ਸਹਾਈ ਗਰੁੱਪਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਬੈਂਕਾਂ ਨੂੰ ਬਣਦਾ ਯੋਗਦਾਨ ਪਾਉਣ ਲਈ ਕਿਹਾ। ਉਨਾਂ ਕਿਹਾ ਕਿ ਬੈਂਕਾਂ ਕੋਲ ਇੰਨੀ ਤਾਕਤ ਹੈ ਕਿ ਜੇਕਰ ਉਹ ਚਾਹੁੰਣ ਤਾਂ ਬਹੁਤ ਸਾਰੇ ਲੋਕਾਂ ਦਾ ਭਲਾ ਕਰ ਸਕਦੇ ਹਨ। ਉਨਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ 3 ਤੋਂ 7 ਜੂਨ ਤੱਕ ਮਨਾਏ ਜਾ ਰਹੇ ਵਿੱਤੀ ਸਾਖ਼ਰਤਾ ਹਫ਼ਤੇ ਦੌਰਾਨ ਪਿੰਡਾਂ ਵਿਚ ਵੱਧ ਤੋਂ ਵੱਧ ਕੈਂਪ ਲਗਾ ਕੇ ਲੋਕਾਂ ਨੂੰ ਵਿੱਤੀ ਤੌਰ 'ਤੇ ਜਾਗਰੂਕ ਕੀਤਾ ਜਾਵੇ। ਇਸ ਦੌਰਾਨ ਉਨਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਸੁਰੱਕਸ਼ਾ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਸਟੈਂਡ ਅੱਪ ਇੰਡੀਆ, ਪ੍ਰਧਾਨ ਮੰਤਰੀ ਰੁਜ਼ਗਾਰ ਗਾਰੰਟੀ ਪ੍ਰੋਗਰਾਮ, ਮੁਦਰਾ ਯੋਜਨਾ ਅਤੇ ਆਧਾਰ ਐਨਰੋਲਮੈਂਟ ਸੈਂਟਰਾਂ ਆਦਿ ਦੀ ਪ੍ਰਗਤੀ ਦੀ ਸਮੀਖਿਆ ਕਰਨ ਤੋਂ ਇਲਾਵਾ ਪੀ. ਐਨ. ਬੀ ਪੇਂਡੂ ਸਵੈ ਰੁਜ਼ਗਾਰ ਟ੍ਰੇਨਿੰਗ ਸੰਸਥਾਨ ਦੇ ਕੰਮਕਾਜ਼ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਚੀਫ ਐਲ. ਡੀ. ਐਮ ਸ੍ਰੀ ਦਰਸ਼ਨ ਲਾਲ ਭੱਲਾ, ਡੀ. ਡੀ. ਐਮ ਨਾਬਾਰਡ ਸ੍ਰੀ ਰਾਕੇਸ਼ ਵਰਮਾ, ਰਿਜ਼ਰਵ ਬੈਂਕ ਤੋਂ ਸ੍ਰੀ ਖੰਨਾ, ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਸ੍ਰੀ ਵਿੱਦਿਆ ਸਾਗਰ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ੍ਰੀ ਰਵਿੰਦਰ ਕੁਮਾਰ ਅਤੇ ਸ੍ਰੀ ਰਜਨੀਸ਼ ਕਾਂਤ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।






