ਚੰਡੀਗੜ੍ਹ: ਪੁਲਿਸ ਕਰਮਚਾਰੀਆਂ ਦੀ 13ਵੀਂ ਤਨਖਾਹ (ਓਵਰਟਾਈਮ) ਤੇ ਡਾਕਟਰਾਂ ਦਾ ਨਾਨ ਪ੍ਰੈਕਟਿਸ ਅਲਾਊਂਸ (ਐੱਨਪੀਏ) ਬੰਦ ਕਰਨ ਦੇ ਪ੍ਰਸਤਾਵ ਤੋਂ ਸਰਕਾਰ ਪਿੱਛੇ ਹੱਟ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੀ ਡਿਊਟੀ ਕਾਫ਼ੀ ਜ਼ਿਆਦਾ ਹੈ, ਇਸ ਲਈ 13ਵੀਂ ਤਨਖਾਹ ਦਿੱਤੀ ਜਾਂਦੀ ਰਹੇਗੀ। ਇਸ ਨਾਲ 79,625 ਪੁਲਿਸ ਕਰਮਚਾਰੀਆਂ ਨੂੰ ਰਾਹਤ ਮਿਲੇਗੀ। ਡਾਕਟਰਾਂ ਨੂੰ ਮਿਲਣ ਵਾਲਾ ਐੱਨਪੀਏ ਵੀ ਜਾਰੀ ਰਹੇਗਾ। ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦੀ ਨੁਕਸਾਨਪੂਰਤੀ ਰਾਸ਼ੀ ਦੀਆਂ ਦੋ ਕਿਸ਼ਤਾਂ ਬਕਾਇਆ ਹੋਣ ਕਾਰਨ ਪੰਜਾਬ ਦੀ ਅਰਥਵਿਵਸਥਾ ਲੀਹੋਂ ਉਤਰ ਚੁੱਕੀ ਹੈ। ਇਸ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਨੇ ਖਰਚਿਆਂ 'ਚ ਕਟੌਤੀ ਲਈ ਜੋ ਰੋਡਮੈਪ ਤਿਆਰ ਕੀਤਾ ਸੀ, ਉਸ ਨੂੰ ਲਾਗੂ ਕਰਨ 'ਚ ਉਹ ਇੱਛਾ ਸ਼ਕਤੀ ਨਹੀਂ ਦਿਖਾ ਸਕੀ। ਸਰਕਾਰ ਨੇ ਕਿਸਾਨਾਂ, ਸਨਅਤਾਂ ਤੇ ਐੱਸਸੀ ਵਰਗ ਲਈ ਬਿਜਲੀ ਸਬਸਿਡੀ ਤਰਕਸੰਗਤ ਕਰਨ ਦੇ ਪ੍ਰਸਤਾਵ ਤਿਆਰ ਕੀਤੇ ਸਨ। ਇਸ ਤਹਿਤ ਪੁਲਿਸ ਕਰਮਚਾਰੀਆਂ ਨੂੰ ਮਿਲਣ ਵਾਲੀ 13ਵੀਂ ਤਨਖਾਹ ਬੰਦ ਕਰਨ ਦਾ ਵੀ ਪ੍ਰਸਤਾਵ ਦਿੱਤਾ ਗਿਆ ਸੀ।
ਸਰਕਾਰ ਨੇ ਬੰਦ ਕੀਤੀ ਤਾਂ ਅਸੀਂ ਫ਼ਿਰ ਸ਼ੁਰੂ ਕਰਾਂਗੇ : ਸੁਖਬੀਰ
ਸੰਬੰਧਿਤ ਖ਼ਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਅੱਜ ਕਿਹਾ ਹੈ ਕਿ ਪੁਲਿਸ ਕਰਮਚਾਰੀਆਂ ਨੂੰ 13ਵੀਂ ਤਨਖਾਹ ਦਿੱਤੀ ਜਾਵੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਵਿੱਤ ਵਿਭਾਗ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਜੇ ਕਾਂਗਰਸ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਅਕਾਲੀ ਦਲ-ਭਾਜਪਾ ਦੀ ਸਰਕਾਰ ਸੱਤਾ 'ਚ ਆਉਣ 'ਤੇ ਇਸ ਨੂੰ ਫ਼ਿਰ ਤੋਂ ਸ਼ੁਰੂ ਕਰ ਦੇਵੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






