ਕਪੂਰਥਲਾ (ਇੰਦਰਜੀਤ ਸਿੰਘ) : ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਅੱਜ ਸਥਾਨਕ ਮਾਲ ਰੋਡ ਸਥਿਤ ਐਚ. ਡੀ. ਐਫ. ਸੀ ਬੈਂਕ ਵਿਖੇ ਲਗਾਏ ਵਿਸ਼ੇਸ਼ ਖ਼ੂਨਦਾਨ ਕੈਂਪ ਦੇ ਉਦਘਾਟਨ ਮੌਕੇ ਕੀਤਾ। ਉਨਾਂ ਕਿਹਾ ਕਿ ਖ਼ੂਨ ਦਾ ਕੋਈ ਬਦਲ ਨਹੀਂ ਹੈ ਅਤੇ ਇਸ ਦੀ ਪੂਰਤੀ ਮਨੁੱਖ ਤੋਂ ਹੀ ਕੀਤੀ ਜਾ ਸਕਦੀ ਹੈ।
ਸੰਬੰਧਿਤ ਖ਼ਬਰਾਂ
ਉਨਾਂ ਕਿਹਾ ਕਿ ਇਕ ਸਿਹਤਮੰਦ ਵਿਅਕਤੀ ਸਾਲ ਵਿਚ 4 ਵਾਰ ਖ਼ੂਨਦਾਨ ਕਰ ਸਕਦਾ ਹੈ ਅਤੇ ਖ਼ੂਨਦਾਨ ਕਰਨ ਨਾਲ ਵਿਅਕਤੀ ਦੀ ਸਿਹਤ ’ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਸਾਨੂੰ ਇਸ ਪਰਉਪਕਾਰੀ ਕਾਰਜ ਵਿਚ ਵੱਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।
ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ ਕਰੀਬ 35 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਐਚ. ਡੀ. ਐਫ. ਸੀ ਦੇ ਬ੍ਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਪਰਮਾਰ, ਰਿਲੇਸ਼ਨਸ਼ਿਪ ਮੈਨੇਜਰ ਅਨਿਲ ਕੁਮਾਰ, ਡਬਲਿੳੂ. ਬੀ. ਓ ਆਪ੍ਰੇਸ਼ਨ ਮੈਨੇਜਰ ਚੰਦਰ ਪ੍ਰਕਾਸ਼, ਰੀਨਾ ਸੈਣੀ, ਜਸਪ੍ਰੀਤ ਕੌਰ ਅਰੋੜਾ ਤੇ ਬੈਂਕ ਸਟਾਫ ਤੋਂ ਇਲਾਵਾ ਡਾ. ਪ੍ਰੇਮ ਕੁਮਾਰ, ਡਾ. ਜਸਵਿੰਦਰ ਸ਼ਰਮਾ, ਸਟਾਫ ਨਰਸ ਕੁਲਵਿੰਦਰ ਕੌਰ, ਸਮਾਜ ਸੇਵਕ ਗੁਰਮੁਖ ਸਿੰਘ ਢੋਡ, ਸਟੇਟ ਐਵਾਰਡੀ ਗੁਰਬਚਨ ਸਿੰਘ ਬੰਗੜ, ਸਚਿਨ ਅਰੋੜਾ ਤੇ ਹੋਰ ਹਾਜ਼ਰ ਸਨ।






