ਪੱਟੀ : ਸਬ-ਡਵੀਜ਼ਨ ਪੱਟੀ ਦੇ ਪਿੰਡ ਦੁੱਬਲੀ ਵਿਖੇ ਛੁੱਟੀ 'ਤੇ ਆਏ ਬੀਐੱਸਐੱਫ ਜਵਾਨ ਜਿਸ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ ਸੀ, ਪੁਲਿਸ ਨੇ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਮੁਲਜ਼ਮ ਮ੍ਰਿਤਕ ਫ਼ੌਜੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਸਰਾ ਪੁੱਤਰ ਅਜੇ ਫਰਾਰ ਹੈ। ਪੁੱਤਰਾਂ ਨੇ ਗੋਲੀ ਮਾਰ ਕੇ ਪਿਤਾ ਦੀ ਹੱਤਿਆ ਕੀਤੀ ਸੀ ਅਤੇ ਜੁਰਮ ਛੁਪਾਉਣ ਲਈ ਸਾਰੀ ਕਹਾਣੀ ਘੜ੍ਹੀ ਗਈ।ਸ਼ੁੱਕਰਵਾਰ ਨੂੰ ਥਾਣਾ ਸਦਰ ਪੱਟੀ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਉਰਫ ਜੋਗਾ ਪੁੱਤਰ ਲਖਬੀਰ ਸਿੰਘ ਦੇ ਬਿਆਨ ਕੇਸ ਦਰਜ ਕੀਤਾ ਸੀ ਕਿ ਮੇਰਾ ਪਿਤਾ ਬੀਐੱਸਐੱਫ ਵਿਚ ਨੌਕਰੀ ਕਰਦਾ ਸੀ ਅਤੇ ਮਿਤੀ 19 ਮਾਰਚ ਨੂੰ ਪਿਤਾ ਪਠਾਨਕੋਟ ਤੋਂ ਛੁੱਟੀ 'ਤੇ ਆਏ ਸਨ, ਸ਼ਾਮ ਨੂੰ ਕੋਈ ਆਦਮੀ ਮਿਲਣ ਆਇਆ ਸੀ ਜਿਸ ਨਾਲ ਉਹ ਗੱਲਾਂ ਕਰਦੇ-ਕਰਦੇ ਬਾਹਰ ਉਸ ਦੇ ਨਾਲ ਚਲੇ ਗਏ ਤੇ ਫਿਰ ਰਾਤ ਤਕ ਘਰ ਵਾਪਸ ਨਹੀਂ ਮੁੜੇ। ਚਾਰ ਦਿਨਾਂ ਬਾਅਦ ਪਿੰਡ ਦੁੱਬਲੀ ਤੋਂ ਪਿੰਡ ਸ਼ਹੀਦ ਨੂੰ ਲਿੰਕ ਸੜਕ ਜਾਂਦੀ ਹੈ, ਉਸ ਉੱਪਰ ਸੂਏ ਦੇ ਪੁਲ਼ ਹੇਠਾਂ ਖ਼ੁਰਦ-ਬੁਰਦ ਕੀਤੀ ਲਖ਼ਬੀਰ ਸਿੰਘ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਸੰਬੰਧਿਤ ਖ਼ਬਰਾਂ
ਮ੍ਰਿਤਕ ਫ਼ੌਜੀ ਲਖਬੀਰ ਸਿੰਘ ਦੇ ਦੋਵੇਂ ਪੁੱਤਰ ਹੀ ਖੂਨੀ ਨਿਕਲੇ ਜਿਨ੍ਹਾਂ ਨੇ ਘਰ ਵਿਚ ਹੀ ਗੋਲੀ ਮਾਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਅਤੇ ਜੁਰਮ ਛੁਪਾਉਣ ਦੀ ਨੀਅਤ ਨਾਲ ਉਸੇ ਰਾਤ ਨੂੰ ਲਾਸ਼ ਨੂੰ ਸੂਏ ਦੇ ਥੱਲੇ ਸੁੱਟ ਦਿੱਤਾ।
ਪੁਲਿਸ ਅਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਕਿ ਸਾਡੇ ਪਿਤਾ ਲੱਭ ਨਹੀਂ ਰਹੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਘਰ ਲੜਾਈ-ਝਗੜਾ ਰਹਿੰਦਾ ਸੀ ਅਤੇ ਮ੍ਰਿਤਕ ਲਖ਼ਬੀਰ ਸਿੰਘ ਸ਼ਰਾਬ ਪੀਣ ਦਾ ਆਦਿ ਸੀ। ਉਸ ਦਿਨ ਵੀ ਲੜਾਈ ਹੋਈ ਸੀ। ਉਸ ਦੇ ਲੜਕੇ ਜਗਜੀਤ ਸਿੰਘ ਜੱਗੀ ਨੇ 315 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਗਜੀਤ ਸਿੰਘ ਜੱਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪਿਸਤੌਲ ਅਤੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਕਰ ਲਿਆ ਹੈ। ਦੂਸਰੇ ਲੜਕੇ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।






