ਮੀਡੀਆ ਡੈਸਕ , 31 ਦਸੰਬਰ ( NRI MEDIA )
ਪੰਜਾਬ ਦੇ ਲਈ ਸਾਲ 2019 ਬਹੁਤ ਹੀ ਉਤਾਰ ਚੜਾਅ ਵਾਲਾ ਰਿਹਾ , ਸਾਲ 2019 ਵਿੱਚ ਪੰਜਾਬ ਵਿੱਚ ਜਿੱਥੇ ਬਹੁਤ ਕੁਝ ਬਦਲਿਆ ਓਥੇ ਹੀ ਪੰਜਾਬ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ , ਜਿੱਥੇ ਪੰਜਾਬ ਦੇ ਵਿੱਚ ਕਈ ਗਮ ਦੇ ਪਲ ਸਾਹਮਣੇ ਆਏ ਓਥੇ ਹੀ ਪੰਜਾਬ ਨੇ ਕਈ ਖੁਸ਼ੀਆਂ ਅਤੇ ਖੇੜਿਆਂ ਦਾ ਸਮਾਂ ਵੀ ਵੇਖਿਆ , ਜੇ ਕਰ ਗੱਲ ਕਰੀਏ ਸਾਲ 2019 ਦੀ ਤਾਂ ਇਹ ਵਰ੍ਹਾ ਪੰਜਾਬ ਲਈ ਅਸਾਧਾਰਨ ਵਰ੍ਹਾ ਰਿਹਾ ਹੈ ।
ਪੰਜਾਬ ਦੇ ਵਿੱਚ ਇਸ ਸਾਲ ਫਤਿਹਵੀਰ ਦਾ ਮੁੱਦਾ ਬੇਹਦ ਚਰਚਿਤ ਰਿਹਾ , ਇਕ ਬੱਚਾ ਜੋ ਸੰਗਰੂਰ ਦੇ ਪਿੰਡ ਵਿੱਚ ਇਕ ਬੋਰਵੇਲ ਵਿਚ ਡਿੱਗਾ ਸੀ , ਉਸ ਲਈ ਪੂਰਾ ਪੰਜਾਬ ਅਰਦਾਸ ਅਤੇ ਦੁਆਵਾਂ ਕਰ ਰਿਹਾ ਸੀ, ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਵੀ ਪ੍ਰਸਾਸ਼ਨ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਇਸ ਬੱਚੇ ਨੂੰ ਬਚਾ ਨਾ ਸਕੀਆਂ ਸਨ , 6 ਜੂਨ 2019 ਨੂੰ ਬੋਰਵੇਲ ਵਿੱਚ ਡਿੱਗੇ ਫਤਿਹਵੀਰ ਦੀ 11 ਜੂਨ 2019 ਨੂੰ ਮੌਤ ਹੋ ਗਈ ਸੀ ।
ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਇਕ ਨੌਜਵਾਨ ਵਲੋਂ ਆਪਣੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਦੇ ਮਾਮਲੇ ਨੇ ਪੂਰੇ ਪੰਜਾਬ ਨੂੰ ਝਿਜੋੜ ਕੇ ਰੱਖ ਦਿੱਤਾ ਸੀ , ਨੌਜਵਾਨ ਦੇ 17 ਪੇਜਾਂ ਦੇ ਲਿਖੇ ਸੁਸਾਇਡ ਨੋਟ 'ਚ ਇਹ ਪਤਾ ਲੱਗਿਆ ਹੈ ਕਿ ਸੰਦੀਪ ਵਹਿਮਾ-ਭਰਮਾਂ ਦੇ ਸ਼ਿਕਾਰ ਨਾਲ ਡਿਪਰੈਸ਼ਨ 'ਚ ਚਲਾ ਗਿਆ ਸੀ ਅਤੇ ਉਸ ਦੀ ਸਰੀਰਕ ਬੀਮਾਰੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਉਸਨੂੰ ਮਜ਼ਬੂਰ ਕੀਤਾ ਸੀ , ਇਸ ਮਾਮਲਾ ਬੇਹੱਦ ਦਰਦਨਾਕ ਸੀ
ਸੰਬੰਧਿਤ ਖ਼ਬਰਾਂ
ਅਗਸਤ ਮਹੀਨੇ ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਅਤੇ ਡੈਮਾਂ ਤੋਂ ਪਾਣੀ ਛੱਡਣ ਕਾਰਨ 200 ਤੋਂ ਵੱਧ ਪਿੰਡਾਂ ਦੀ ਸਥਿਤੀ ਨਾਜ਼ੁਕ ਬਣ ਗਈ ਇਸ ਨਾਲ ਕਈ ਲੋਕ ਬੇਘਰ ਹੋ ਗਏ , ਪੰਜਾਬ ਸਰਕਾਰ ਅਨੁਸਾਰ ਹੜ੍ਹਾਂ ਕਾਰਨ ਸੂਬੇ ਨੂੰ 1700 ਕਰੋੜ ਦਾ ਨੁਕਸਾਨ ਹੋਇਆ , ਸਭ ਤੋਂ ਵੱਧ ਨੁਕਸਾਨ ਰੋਪੜ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਫਿਰੋਜ਼ਪੁਰ ਦੇ ਸਤਲੁਜ ਦਰਿਆ ਸੇਲਗੇਟ ਦੇ ਪਿੰਡਾਂ ਵਿੱਚ ਹੋਇਆ ਹੈ। ਸਰਕਾਰ ਨੇ ਰਾਹਤ ਲਈ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ , ਇਸ ਦੌਰਾਨ ਜਲੰਧਰ , ਰੋਪੜ-ਅਨੰਦਪੁਰ ਸਾਹਿਬ ਦੇ 50, ਫਿਰੋਜ਼ਪੁਰ ਦੇ 17, ਕਪੂਰਥਲਾ ਦੇ 16 ਪਿੰਡਾਂ ਦੀ ਹਾਲਤ ਨਾਜ਼ੁਕ ਬਣੀ ਰਹੀ ।
4 ਸਤੰਬਰ 2019 ਬੁੱਧਵਾਰ ਦੁਪਹਿਰ 3.40 ਵਜੇ ਗੁਰੂ ਤੇਗ ਬਹਾਦਰ ਕਾਲੋਨੀ ਦੇ ਰਿਹਾਇਸ਼ੀ ਇਲਾਕੇ ਵਿਚ ਸਥਿਤ 22 ਸਾਲ ਪੁਰਾਣੀ ਗੈਰਕਾਨੂੰਨੀ ਪਟਾਕਾ ਫੈਕਟਰੀ ਜ਼ੋਰਦਾਰ ਧਮਾਕੇ ਨਾਲ ਢਹਿ ਢੇਰੀ ਹੋ ਗਈ ਸੀ , ਬਟਾਲਾ ਦੇ ਜਲੰਧਰ ਰੋਡ ਤੇ ਪੈਂਦੀ ਇਸ ਫੈਕਟਰੀ ਵਿੱਚ ਵੱਡਾ ਬਲਾਸਟ ਹੋਇਆ ਸੀ , ਇਸ ਹਾਦਸੇ ਵਿਚ 24 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 27 ਜ਼ਖ਼ਮੀ ਹੋ ਗਏ ਸਨ , ਇਸ ਘਟਨਾ ਤੋਂ ਬਾਅਦ ਸਰਕਾਰ ਵਲੋਂ ਕਈ ਏਜੰਸੀਆਂ ਬਣਾਈਆਂ ਗਈਆਂ ਪਰ ਹੁਣ ਤੱਕ ਪੀੜਿਤਾਂ ਨੂੰ ਕੋਈ ਇਨਸਾਫ ਨਹੀਂ ਮਿਲ ਸਕਿਆ ।
ਨਵੰਬਰ ਦੇ ਮਹੀਨੇ ਇਕ ਕਰਾਮਾਤੀ ਘਟਨਾ ਵਾਪਰੀ ਜਦੋਂ ਭਾਰਤ ਪਾਕਿਸਤਾਨ ਨੇ ਆਪਣੀ ਖਟਾਸ ਦੂਰ ਕੀਤੀ , ਆਖ਼ਰਕਾਰ 72 ਸਾਲ ਬਾਅਦ ਸੰਗਤ ਦੀ ਅਰਦਾਸ ਕਬੂਲ ਹੋਈ ਅਤੇ ਉਮੀਦਾਂ ਦਾ ਲਾਂਘਾ ਖੁੱਲ੍ਹ ਹੀ ਗਿਆ, ਸੰਗਤ ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੇਗੀ , ਕਰਤਾਰਪੁਰ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਤੇ ਪਾਕਿਸਤਾਨ ਵਲੋਂ ਲਾਂਘੇ ਦਾ ਉਦਘਾਟਨ ਇਮਰਾਨ ਖਾਨ ਨੇ ਕੀਤਾ, ਲਾਂਘਾ ਖੁੱਲ੍ਹਣ ਤੋਂ ਬਾਅਦ ਪਹਿਲਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਰਵਾਨਾ ਹੋਇਆ ਜਿਸ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਸਨ , ਇਸ ਜਥੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ ਅਤੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਨਾ ਕੀਤਾ ਸੀ।
ਇਸ ਸਾਲ ਕਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੂਰਬ ਦਾ ਇਤਿਹਾਸਕ ਸਮਾਂ ਆਇਆ ,ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਵਿੱਚ ਰਾਸ਼ਟਰਪਤੀ ਵੀ ਸ਼ਾਮਲ ਹੋਏ , ਓਥੇ ਹੀ ਪ੍ਰਧਾਨਮੰਤਰੀ ਮੋਦੀ ਅਤੇ ਪੰਜਾਬ ਦੇ ਮੁਖਮੰਤਰੀ ਵੀ ਸ਼ਾਮਲ ਰਹੇ , ਇਸ ਦੌਰਾਨ ਸਰਕਾਰ ਦੇ ਵਲੋਂ ਕਈ ਵੱਡੇ ਐਲਾਨ ਵੀ ਕੀਤੇ ਗਏ , ਪੂਰੇ ਪੰਜਾਬ ਦੇਗੁਰੂਘਰਾਂ ਵਿੱਚ ਇਸ ਦਿਨ ਨੂੰ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ।।
ਸੋ ਇਹ ਤਾਂ ਸਨ ਸਾਲ 2019 ਦੀਆਂ ਕੁਝ ਘਟਨਾਵਾਂ ਜਿਨ੍ਹਾਂ ਨੇ ਲੋਕਾਂ ਦੇ ਦਿਮਾਗ ਤੇ ਗਹਿਰੀ ਛਾਪ ਛੱਡ ਦਿੱਤੀ , ਉਮੀਦ ਕਰਦੇ ਹਾਂ ਕਿ ਸਾਲ 2020 ਤੁਹਾਡੇ ਲਈ ਚੰਗਾ ਸਾਬਤ ਹੋਵੇ ਅਤੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਣ ।






