ਕਪੂਰਥਲਾ : 21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਵੱਲੋਂ ਐਨ. ਸੀ. ਸੀ 'ਸੀ' ਸਰਟੀਫਿਕੇਟ ਸਨਮਾਨ ਸਮਾਰੋਹ ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ 60 ਕੈਡਿਟਾਂ ਨੂੰ ਐਨ. ਸੀ. ਸੀ 'ਸੀ' ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਅਵਤਾਰ ਸਿੰਘ ਭੁੱਲਰ ਨੇ ਸਰਟੀਫਿਕੇਟ ਹਾਸਲ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨਾਂ ਲਈ ਬੜੇ ਮਾਣ ਵਾਲੀ ਗੱਲ ਹੈ, ਕਿਉਂਕਿ ਇਸ ਨਾਲ ਉਨਾਂ ਲਈ ਹਥਿਆਰਬੰਦ ਸੈਨਾ ਵਿਚ ਸਿੱਧੀ ਭਰਤੀ ਦੇ ਦੁਆਰ ਖੁੱਲ ਗਏ ਹਨ। ਉਨਾਂ ਕੈਡਿਟਾਂ ਨੂੰ ਕਿਹਾ ਕਿ ਉਹ ਏਕਤਾ ਅਤੇ ਅਨੁਸ਼ਾਸਨ ਵਾਲੀ ਜ਼ਿੰਦਗੀ ਜਿਊਣ ਅਤੇ ਹੋਰਨਾਂ ਨੂੰ ਵੀ ਇਸਦੇ ਲਈ ਪ੍ਰੇਰਿਤ ਕਰਨ। ਉਨਾਂ ਕਿਹਾ ਕਿ ਕੈਡਿਟਾਂ ਵਿਚ ਲੜਕੀਆਂ ਦੀ ਗਿਣਤੀ ਵਿਚ ਵਾਧਾ ਇਕ ਸ਼ੁੱਭ ਸੰਕੇਤ ਹੈ।
ਸੰਬੰਧਿਤ ਖ਼ਬਰਾਂ
ਉਨਾਂ ਕੈਡਿਟਾਂ ਨੂੰ ਕਿਹਾ ਕਿ ਉਹ ਨਸ਼ੇ ਦੇ ਖ਼ਾਤਮੇ ਅਤੇ ਵਾਤਾਵਰਨ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਦੇਣ, ਕਿਉਂਕਿ ਇਹ ਦੋਵੇਂ ਸਮੱਸਿਆਵਾਂ ਇਸ ਵੇਲੇ ਵਿਕਰਾਲ ਰੂਪ ਧਾਰਨ ਕਰ ਗਈਆਂ ਹਨ। 21 ਪੰਜਾਬ ਬਟਾਲੀਅਨ ਐਨ. ਸੀ. ਸੀ ਕਪੂਰਥਲਾ ਦੇ ਐਡਮਿਨ ਅਫ਼ਸਰ ਕਰਨਲ ਜੀ. ਐਸ. ਭੁੱਲਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨਾਂ ਕੈਡਿਟਾਂ ਨੂੰ ਕਿਹਾ ਕਿ ਉਹ ਆਪਣੀ ਅਥਾਹ ਸ਼ਕਤੀ ਜ਼ਰੀਏ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ। ਉਨਾਂ ਕੈਡਿਟਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਕੂਲਾਂ-ਕਾਲਜਾਂ ਦੇ ਸਾਥੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਕੇ ਸੂਬੇ ਵਿਚੋਂ ਨਸ਼ੇ ਦੇ ਕੋਹੜ ਨੂੰ ਜੜੋਂ ਖ਼ਤਮ ਕਰਨ ਵਿਚ ਸਹਾਈ ਬਣਨ।
ਨੌਜਵਾਨ ਲੈਫਟੀਨੈਂਟ ਸੰਦਲਬੀਰ ਸਿੰਘ ਭੁੱਲਰ ਨੇ ਕੈਡਿਟਾਂ ਨੂੰ ਮਿਹਨਤ ਅਤੇ ਲਗਨ ਨਾਲ ਉੱਚ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਉਨਾਂ ਕਿਹਾ ਕਿ ਦ੍ਰਿੜ ਨਿਸ਼ਚੇ ਅਤੇ ਮਿਹਨਤ ਨਾਲ ਕੋਈ ਵੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਐਨ. ਸੀ. ਸੀ ਦੇ ਇਤਿਹਾਸ ਅਤੇ ਪ੍ਰਾਪਤੀਆਂ ਸਬੰਧੀ ਇਕ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ, ਡਾ. ਜੁਗਰਾਜ ਸਿੰਘ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਕੈਪਟਨ ਅਮਰੀਕ ਸਿੰਘ, ਸ. ਕਵਰਜੀਤ ਸਿੰਘ, ਏ. ਐਨ. ਓ ਲੈਫਟੀਨੈਂਟ ਪੀ. ਕੇ ਜੋਸ਼ੀ, ਸ. ਜੇ. ਐਸ. ਭੁੱਲਰ, ਸ੍ਰੀ ਪੁਨੀਤ ਪਾਸੀ, ਸ੍ਰੀ ਸ਼੍ਰਵਣ ਕੁਮਾਰ ਤੇ ਸ੍ਰੀ ਵਰਿੰਦਰ ਸਿੰਘ, ਸੂਬੇਦਾਰ ਚਿਮਨ ਸਿੰਘ, ਏ. ਪੀ. ਆਰ. ਓ ਸ. ਹਰਦੇਵ ਸਿੰਘ ਆਸੀ ਅਤੇ ਸਮਾਜ ਸੇਵਕ ਸ੍ਰੀ ਗੁਰਮੁਖ ਸਿੰਘ ਢੋਡ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨ. ਸੀ. ਸੀ ਕੈਡਿਟ ਅਤੇ ਉਨਾਂ ਦੇ ਸਕੂਲ-ਕਾਲਜ ਮੁਖੀ ਹਾਜ਼ਰ ਸਨ।






