ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਅੱਜ ਆਸਟਰੇਲੀਆ ਦੇ ਕੈਨਬਰਾ ਰਾਜ ਦੀ ਯੂਨੀਵਰਸਿਟੀ ਦੇ ਇੱਕ ਵਿਸ਼ੇਸ਼ ਵਫ਼ਦ ਨੇ ਪੀਏਯੂ ਦਾ ਦੌਰਾ ਕੀਤਾ । ਇਸ ਵਫ਼ਦ ਨੇ ਪੀਏਯੂ ਨਾਲ ਖੋਜ ਅਤੇ ਸਿੱਖਿਆ ਵਿੱਚ ਸਾਂਝ ਵਧਾਉਣ ਲਈ ਇੱਕ ਸਮਝੌਤੇ ਉਪਰ ਦਸਤਖਤ ਕੀਤੇ । ਇਸ ਸਮਝੌਤੇ ਉਪਰ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਯੂਨੀਵਰਸਿਟੀ ਆਫ਼ ਕੈਨਬਰਾ ਦੇ ਵਾਈਸ ਚਾਂਸਲਰ ਡਾ. ਦੀਪ ਸੈਣੀ ਨੇ ਆਪਣੀਆਂ ਸੰਸਥਾਵਾਂ ਵੱਲੋਂ ਦਸਤਖਤ ਕੀਤੇ । ਇਹ ਸਮਝੌਤਾ 10 ਸਾਲ ਦੇ ਅਰਸੇ ਦੌਰਾਨ ਵਿਗਿਆਨੀਆਂ, ਤਕਨੀਕੀ ਮਾਹਿਰਾਂ ਅਤੇ ਵਿਦਿਆਰਥੀਆਂ ਦੇ ਤਬਾਦਲੇ ਲਈ ਹੋਵੇਗਾ ਜਿਸ ਵਿੱਚ ਜਰਮਪਲਾਜ਼ਮ ਅਤੇ ਕਿਸਮ ਸੁਧਾਰ ਸਮੱਗਰੀ ਉਪਰ ਸਾਂਝੇ ਤੌਰ ਤੇ ਕੰਮ ਹੋਵੇਗਾ ।
ਸੰਬੰਧਿਤ ਖ਼ਬਰਾਂ
ਇਸ ਤੋਂ ਬਿਨਾਂ ਵਿਗਿਆਨਕ ਖੇਤੀ ਸਾਹਿਤ, ਸੂਚਨਾ ਅਤੇ ਵਿਧੀਆਂ ਦੇ ਨਾਲ-ਨਾਲ ਅਧਿਆਪਨ, ਖੋਜ ਅਤੇ ਪਸਾਰ ਮਾਮਲਿਆਂ ਵਿੱਚ ਵੀ ਸਾਂਝੇ ਤੌਰ ਤੇ ਕਾਰਜ ਕੀਤੇ ਜਾਣ ਦੀ ਸੰਭਾਵਨਾ ਹੈ । ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਖੇਤੀ ਪਾਠਕ੍ਰਮ ਨੂੰ ਸਿਧਾਂਤ ਤੋਂ ਵਿਹਾਰ ਵੱਲ ਲਿਜਾਣ ਲਈ ਵਿਦਿਆਰਥੀਆਂ ਅਤੇ ਅਮਲੇ ਦੀ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਾਂਝ ਅਤੇ ਤਬਾਦਲੇ ਦੀ ਲੋੜ ਹੈ । ਉਹਨਾਂ ਨੇ ਕੈਨਬਰਾ ਯੂਨੀਵਰਸਿਟੀ ਨਾਲ ਖੋਜ ਦੇ ਸੰਭਾਵੀ ਖੇਤਰਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ । ਕੈਨਬਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦੀਪ ਸੈਣੀ ਨੇ ਪੀਏਯੂ ਵੱਲੋਂ ਬੀਤੇ ਸਮੇਂ ਦੌਰਾਨ ਕੀਤੇ ਕਾਰਜਾਂ ਦੀ ਪ੍ਰਸ਼ੰਸ਼ਾ ਕਰਦਿਆਂ ਵਾਤਾਵਰਨ ਬਾਰੇ ਸਾਂਝੇ ਡਿਗਰੀ ਪ੍ਰੋਗਰਾਮ ਨਾਲ ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਲਾਭ ਮਿਲਣ ਪ੍ਰਤੀ ਆਸ਼ਾ ਪ੍ਰਗਟਾਈ ।
ਪੀਏਯੂ ਦੇ ਉਚ ਅਧਿਕਾਰੀਆਂ ਨਾਲ ਲੰਮੀ ਮੀਟਿੰਗ ਵਿੱਚ ਸਾਂਝ ਦੇ ਬਹੁਤ ਸਾਰੇ ਨੁਕਤਿਆਂ ਉਪਰ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਹੋਇਆ । ਇਸ ਮੌਕੇ ਕੈਨਬਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਆਏ ਅਮਲੇ ਵਿੱਚ ਪ੍ਰੋ-ਵਾਈਸ ਚਾਂਸਲਰ ਪ੍ਰੋ. ਲਾਰੈਂਸ ਪ੍ਰੈਚੇਟ, ਕਾਰਜਕਾਰੀ ਡੀਨ, ਸਾਇੰਸ ਅਤੇ ਤਕਨਾਲੋਜੀ ਪ੍ਰੋਫੈਸਰ ਏਲੀਨ ਮੈਕਲੈਗੁਲੀਨ ਅਤੇ ਸਿਹਤ ਵਿਭਾਗ ਦੇ ਪ੍ਰੋਫੈਸਰ ਮਿਸ਼ੇਲ ਲਿੰਕਨ ਵੀ ਸ਼ਾਮਿਲ ਸਨ ।






