ਕਪੂਰਥਲਾ : ਆਉਣ ਵਾਲੇ ਦਿਨਾਂ ਵਿਚ ਸ਼ੁਰੂ ਹੋਣ ਵਾਲੀ ਭਾਰਦੀ ਦੀ ਸੱਤਵੀਂ ਆਰਥਿਕ ਜਨਗਣਨਾ ਸਬੰਧੀ ਸਥਾਨਕ ਵਿਰਸਾ ਵਿਹਾਰ ਵਿਖੇ ਫੀਲਡ ਸੁਪਰਵਾਈਜ਼ਰਾਂ ਦੀ ਇਕ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ। ਕਾਮਨ ਸਰਵਿਸ ਸੈਂਟਰ ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ ਰਾਹੀਂ ਕਰਵਾਈ ਗਈ ਇਸ ਵਰਕਸ਼ਾਪ ਵਿਚ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਉਨਾਂ ਕਿਹਾ ਕਿ ਜਨਗਣਨਾ ਸੁਪਰਵਾਈਜ਼ਰ ਦੇਸ਼ ਦੀ ਅਰਥ ਵਿਵਸਥਾ ਸਬੰਧੀ ਵੱਡੀ ਜਿੰਮੇਵਾਰੀ ਨਿਭਾਉਣ ਜਾ ਰਹੇ ਹਨ, ਇਸ ਲਈ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣ। ਉਨਾਂ ਕਿਹਾ ਕਿ ਆਰਥਿਕ ਜਨਗਣਨਾ ਦੌਰਾਨ ਸਾਰੀਆਂ ਸੰਸਥਾਵਾਂ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਸਹੀ ਡਾਟਾ ਇਕੱਤਰ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਫੀਲਡ ਸੁਪਰਵਾਈਜ਼ਰ 'ਘਰ-ਘਰ ਰੋਜ਼ਗਾਰ ਮਿਸ਼ਨ' ਵਿਚ ਵੀ ਬਹੁਤ ਵਧੀਆ ਭੂਮਿਕਾ ਅਦਾ ਕਰ ਸਕਦੇ ਹਨ। ਇਸ ਮੌਕੇ ਉਨਾਂ ਵਧੀਆ ਕੰਮ ਕਰਨ ਵਾਲੇ ਸੁਪਰਵਾਈਜ਼ਰਾਂ ਨੂੰ ਸਨਮਾਨਿਤ ਵੀ ਕੀਤਾ।
ਸੰਬੰਧਿਤ ਖ਼ਬਰਾਂ
ਇਸ ਮੌਕੇ ਕਾਮਨ ਸਰਵਿਸ ਸੈਂਟਰ (ਸੀ. ਐਸ. ਸੀ) ਦੇ ਸਟੇਟ ਹੈੱਡ ਸ੍ਰੀ ਜਸਪਾਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਉਨਾਂ ਕਿਹਾ ਕਿ ਆਰਥਿਕ ਜਨਗਣਨਾ ਦੀ ਸਫ਼ਲਤਾ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਵੀ. ਐਲ. ਸੀਜ਼ ਅਤੇ ਜਨਗਣਨਾ ਸੁਪਰਵਾਈਜ਼ਰਾਂ ਨੂੰ ਫੀਲਡ ਵਿਚ ਕੰਮ ਕਰਨ ਸਬੰਧੀ ਸਿੱਖਿਅਤ ਕੀਤਾ ਗਿਆ, ਜਿਹੜੇ ਕਿ ਹਰੇਕ ਨਾਗਰਿਕ ਜਾਂ ਸੰਸਥਾਂ ਦੇ ਆਰਥਿਕ ਸਾਧਨਾਂ, ਰੋਜ਼ਗਾਰ ਅਤੇ ਜਾਇਦਾਦ ਬਾਰੇ ਜਾਣਕਾਰੀ ਇਕੱਤਰ ਕਰਨਗੇ। ਇਸ ਮੌਕੇ ਆਰਥਿਕ ਜਨਗਣਨਾ ਸਬੰਧੀ ਵਰਤੀਆਂ ਜਾਣ ਵਾਲੀਆਂ ਵਿਧੀਆਂ, ਪ੍ਰਕਿਰਿਆ, ਡਿਜੀਟਲ ਪਲੇਟਫਾਰਮ ਅਤੇ ਡਾਟਾ ਇਕੱਤਰ ਕਰਨ ਤੇ ਨਿਗਰਾਨੀ ਕਰਨ ਸਬੰਧੀ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਇਸ ਮੌਕੇ ਉੱਪ ਅਰਥ ਤੇ ਅੰਕੜਾ ਸਲਾਹਕਾਰ ਸ੍ਰੀਮਤੀ ਰਾਣੀ ਅਤੇ ਨੈਸ਼ਨਲ ਸੈਂਪਲ ਸਰਵੇ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਵੀ ਸੁਪਰਵਾਈਜ਼ਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਸ੍ਰੀ ਸਾਹਿਲ ਓਬਰਾਏ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸੀ. ਐਸ. ਸੀ ਦੇ ਸਟੇਟ ਕੋਆਰਡੀਨੇਟਰ ਸ੍ਰੀ ਅਮਿਤ ਮਲਹੋਤਰਾ, ਸਹਾਇਕ ਮੈਨੇਜਰ ਫਾਈਨੈਂਸ ਸ੍ਰੀ ਰਾਹੁਲ, ਜ਼ਿਲਾ ਕੋਆਰਡੀਨੇਟਰ ਸ੍ਰੀ ਕੰਵਰਪਾਲ ਸਿੰਘ, ਸ. ਗੁਰਸੇਵਕ ਸਿੰਘ ਅਤੇ ਜ਼ਿਲਾ ਮੈਨੇਜਰ ਸ੍ਰੀ ਅੰਕੁਸ਼ ਸ਼ਰਮਾ ਹਾਜ਼ਰ ਸਨ।






