ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਨਗਰ ਨਿਗਮ ਜ਼ੋਨ-ਸੀ ਅਧੀਨ ਆਉਂਦੇ ਵਾਰਡ ਨੰਬਰ 36 ਦੇ ਇਲਾਕਾ ਸ਼ਿਮਲਾਪੁਰੀ ਗਲੀ ਨੰਬਰ 6 ਵਿਚ ਸੀਵਰੇਜ ਚੈਂਬਰ ਦੀ ਸਫਾਈ ਦੌਰਾਨ ਸੰਦੀਪ ਨਾਮ ਦਾ ਸੀਵਰਮੈਨ ਜ਼ਹਿਰੀਲੀ ਗੈਸ ਦੀ ਚਪੇਟ 'ਚ ਆ ਗਿਆ ਜਿਸ ਦੀ ਜਾਣਕਾਰੀ ਮਿਲਦੇ ਸਾਰ ਉਸ ਦੇ ਇਕ ਹੋਰ ਸਾਥੀ ਨੇ ਮੂੰਹ 'ਤੇ ਕੱਪੜਾ ਬੰਨ੍ਹ ਤੁਰੰਤ ਉਸ ਨੂੰ ਬਾਹਰ ਕੱਢ ਨਜ਼ਦੀਕ ਡਾਕਟਰ ਕੋਲ ਪਹੁੰਚਾਇਆ, ਜਿਸ ਨੇ ਤੁਰੰਤ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਮੌਕੇ 'ਤੇ ਇੱਕਠੇ ਹੋਏ ਸੀਵਰਮੈਨਾਂ ਨੇ ਸਾਰੇ ਮਾਮਲੇ ਸਬੰਧੀ ਜ਼ੋਨ ਸੀ ਦੇ ਓਐਂਡਐੱਮ ਸੈੱਲ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ ਅਤੇ ਗੈਸ ਦੇ ਪੀੜਤ ਸੀਵਰਮੈਨ ਸੰਦੀਪ ਨੂੰ ਗਿੱਲ ਰੋਡ ਸਥਿਤ ਗਰੇਵਾਲ ਹਸਪਤਾਲ ਲੈਕੇ ਰਵਾਨਾ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੇ ਮਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਧੀਰ ਅਤੇ ਅਕਾਲੀ ਆਗੂ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਵਾਰਡ ਨੰਬਰ 36 ਦੇ ਸ਼ਿਮਲਾਪੁਰੀ ਵਿਖੇ ਸੀਵਰਮੈਨ ਨਾਲ ਹੋਏ ਹਾਦਸੇ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜੇ ਉਸ ਵੇਲੇ ਤਕ ਸੰਦੀਪ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ।
ਸੰਬੰਧਿਤ ਖ਼ਬਰਾਂ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੰਦੀਪ ਦੇ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਕੌਂਸਲਰ ਹਰਵਿੰਦਰ ਸਿੰਘ ਕਲੇਰ ਦੇ ਨਿੱਜੀ ਸਹਾਇਕ ਪਰਮਿੰਦਰ ਸਿੰਘ ਨੇ ਸੀਵਰਮੈਨ ਸੰਦੀਪ ਨੂੰ ਸ਼ਿਮਲਾਪੁਰੀ ਗਲੀ ਨੰਬਰ 6 ਦੇ ਚੈਂਬਰ ਦੀ ਸਫਾਈ ਲਈ ਉਤਾਰਿਆ ਸੀ ਜਦ ਕਿ ਸੰਦੀਪ ਨੇ ਸੇਫਟੀ ਕਿੱਟ ਤੋਂ ਬਿਨਾਂ ਚੈਂਬਰ ਵਿਚ ਉਤਰਨ ਤੋਂ ਇਨਕਾਰ ਵੀ ਕੀਤਾ ਪਰ ਕੌਂਸਲਰ ਦੇ ਨਿੱਜੀ ਸਹਾਇਕ ਨੇ ਜਵਾਬ ਦਿੱਤਾ ਕਿ ਕਿੱਟਾਂ ਦੇਣਾ ਕੌਂਸਲਰ ਦਾ ਕੰਮ ਨਹੀਂ ਉਨ੍ਹਾਂ ਨੂੰ ਤਾਂ ਕੰਮ ਚਾਹੀਦਾ ਹੈ ਤੇ ਚੈਂਬਰਾਂ ਦੀ ਸਫਾਈ ਹੁਣੇ ਹੀ ਕਰਨੀ ਪਵੇਗੀ ਅਤੇ ਉਸ ਨੇ ਧੱਕੇ ਨਾਲ ਸੰਦੀਪ ਨੂੰ ਚੈਂਬਰ ਵਿਚ ਉਤਾਰ ਦਿੱਤਾ। ਜਿਵੇਂ ਹੀ ਸੰਦੀਪ ਨੇ ਚੈਂਬਰ ਵਿਚੋਂ ਗਾਰ ਨੂੰ ਕੱਢਣ ਲਈ ਗਾਰ ਨੂੰ ਪੱਟਣਾ ਸ਼ੁਰੂ ਕੀਤਾ ਤਾਂ ਉਸ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਨਾਲ ਉਹ ਬੇਹੋਸ਼ ਹੋ ਗਿਆ ਤੇ ਆਵਾਜ਼ਾਂ ਮਾਰਨ 'ਤੇ ਵੀ ਜਦੋਂ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਦੇ ਸਾਥੀ ਮੁਲਾਜ਼ਮ ਚੈਂਬਰ ਵਿਚ ਪਾਣੀ ਪਾਉਣ ਤੋਂ ਬਾਅਦ ਖੁਦ ਚੈਂਬਰ ਵਿਚ ਉਤਰੇ। ਉਨ੍ਹਾਂ ਸੰਦੀਪ ਨੂੰ ਬਾਹਰ ਕੱਢ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਜਿਸ ਨਾਲ ਹੁਣ ਸੰਦੀਪ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਕੌਂਸਲਰ ਹਰਵਿੰਦਰ ਸਿੰਘ ਕਲੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮਾਮਲੇ ਤੋਂ ਪੱਲਾ ਝਾੜਦੇ ਹੋਏ ਇਸ ਲਈ ਖੁਦ ਮੁਲਾਜ਼ਮਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਅਤੇ ਨਾ ਹੀ ਉਨ੍ਹਾਂ ਦੇ ਨਿੱਜੀ ਸਹਾਇਕ ਪਰਮਿੰਦਰ ਨੂੰ ਹਾਦਸੇ ਵਾਲੀ ਗਲੀ ਦੇ ਸੀਵਰ ਸਬੰਧੀ ਕੋਈ ਸ਼ਿਕਾਇਤ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਹਾਇਕ ਸਿਰਫ ਕੰਮਾਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ 'ਤੇ ਨਜ਼ਰ ਰੱਖਦਾ ਹੈ ਜਿਸ ਨੂੰ ਬੰਦ ਕਰਵਾਉਣ ਲਈ ਪਰਮਿੰਦਰ ਦਾ ਨਾਮ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਤਾਂ ਖੁਦ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤ ਦਾ ਇਲਾਜ ਕਰਵਾਉਣ ਲਈ ਪਰਮਿੰਦਰ ਸਮੇਤ ਕੁਝ ਹੋਰ ਸਾਥੀਆਂ ਨੂੰ ਹਸਪਤਾਲ ਭੇਜਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਜਾਂ ਉਨ੍ਹਾਂ ਦੇ ਨਿੱਜੀ ਸਹਾਇਕ ਦਾ ਕੋਈ ਸਬੰਧ ਨਹੀਂ ਹੈ।ਮਾਮਲੇ ਸਬੰਧੀ ਜਦੋਂ ਸੁਪਰਡੈਂਟ ਇੰਜੀਨੀਅਰ ਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮਾਂ ਨੇ ਕੌਂਸਲਰ ਦੇ ਨਿੱਜੀ ਸਹਾਇਕ ਨੂੰ ਮਾਮਲੇ ਦਾ ਜ਼ਿੰਮੇਵਾਰ ਦੱਸਿਆ ਹੈ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੈਂਬਰ ਵਿਚ ਉਤਰੇ ਮੁਲਾਜ਼ਮ ਸਬੰਧੀ ਜੋ ਵੀ ਜ਼ਿੰਮੇਵਾਰ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ।






