ਕਪੂਰਥਲਾ (ਇੰਦਰਜੀਤ ਸਿੰਘ) : ਬੇਟੀਆਂ ਇਸ ਸ੍ਰਿਸ਼ਟੀ ਦਾ ਆਧਾਰ ਹਨ ਇਨ੍ਹਾਂ ਬਿਨ੍ਹਾਂ ਇਸ ਸਮਾਜ ਦੀ ਕਲਪਨਾ ਸੰਭਵ ਨਹੀਂ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕੰਜਕ ਪੂਜਨ ਸਮਾਰੋਹ ਦੌਰਾਨ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵਰਤਮਾਨ ਯੁੱਗ ਦੀ ਜੇਕਰ ਗੱਲ ਕਰੀਏ ਤਾਂ ਬੇਟੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਉਨ੍ਹਾਂ ਆਪਣੀ ਪ੍ਰਤਿਭਾ ਦਾ ਝੰਡਾ ਹਰ ਥਾਂ ਤੇ ਫਹਿਰਾਇਆ ਹੈ। ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਬੇਟਾ ਬੇਟੀ ਇੱਕ ਸਮਾਨ ਹਨ ਇਨ੍ਹਾਂ ਨਾਲ ਫਰਕ ਨਹੀਂ ਕਰਨਾ ਚਾਹੀਦਾ ਨਾ ਹੀ ਲੜਕੀਆਂ ਨੂੰ ਬੋਝ ਸਮਝਿਆ ਜਾਣਾ ਚਾਹੀਦਾ ਹੈ।
ਸਮਾਰੋਹ ਦੌਰਾਨ ਪਰੰਪਰਾ ਅਨੁਸਾਰ ਕੰਜਕ ਪੂਜਨ ਵੀ ਕੀਤਾ ਗਿਆ ਤੇ ਕੰਜਕਾ ਨੂੰ ਸੁੰਦਰ ਉਪਹਾਰ ਵੀ ਵੰਡੇ ਗਏ। ਉਨ੍ਹਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸਮਾਜ ਤੇ ਦੇਸ਼ ਨੂੰ ਸਮਾਜਿਕ ਤੇ ਆਰਥਿਕ ਪੱਖ ਤੋਂ ਮਜਬੂਤ ਕਰਨ ਲਈ ਉਨ੍ਹਾਂ ਨੂੰ ਸਿੱਖਿਅਤ ਕਰਨਾ ਜਰੂਰੀ ਹੈ। ਇਸ ਮੌਕੇ ਤੇ ਇੱਕ ਸਿਹਤ ਜਾਗਰੂਕਤਾ ਤੇ ਕਾਊਂਸਲਿੰਗ ਕੈਂਪ ਵੀ ਲਗਾਇਆ ਗਿਆ, ਜਿੱਥੇ ਕਿ ਆਰ.ਬੀ.ਐਸ.ਕੇ ਟੀਮ ਦੇ ਡਾਕਟਰਾਂ ਵੱਲੋਂ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ। ਈ.ਪੀ.ਆਈ ਤੇ ਕਾਊਂਸਲਿੰਗ ਕਾਰਨਰ ਵਿੱਚ ਟੀਕਾਕਰਨ ਦੀ ਸੰਪੂਰਨ ਜਾਣਕਾਰੀ ਵੀ ਦਿੱਤੀ ਗਈ।
ਸੰਬੰਧਿਤ ਖ਼ਬਰਾਂ
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਇਸ ਮੌਕੇ ਤੇ ਸਭਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਰਤਮਾਨ ਯੁੱਗ ਵਿੱਚ ਵੀ ਜੇਕਰ ਲੜਕੀਆਂ ਨਾਲ ਭੇਦਭਾਵ ਕੀਤਾ ਜਾਏ ਤਾਂ ਉਹ ਚਿੰਤਾਜਨਕ ਹੈ। ਉਨ੍ਹਾਂ ਕੰਨਿਆ ਭਰੂਣ ਹੱਤਿਆ ਨੂੰ ਅਪਰਾਧ ਦੱਸਿਆ ਤੇ ਕਿਹਾ ਕਿ ਸਾਨੂੰ ਇਸ ਦਿਨ ਪ੍ਰਣ ਲੈਣਾ ਚਾਹੀਦਾ ਹੈ ਕਿ ਲੜਕੀਆਂ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਏਗਾ। ਉਨ੍ਹਾਂ ਲੜਕੀਆਂ ਨੂੰ ਸਿੱਖਿਅਤ ਕਰਨ ਤੇ ਜੋਰ ਦਿੱਤਾ ਤੇ ਕਿਹਾ ਕਿ ਇੱਕ ਸਿੱਖਿਅਤ ਲੜਕੀ ਆਪਣੇ ਪੂਰੇ ਪਰਿਵਾਰ ਨੂੰ ਸੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਡਾ. ਰਾਜ ਕਰਨੀ ਨੇ ਇਹ ਵੀ ਕਿਹਾ ਕਿ ਲੜਕੀਆਂ ਦਾ ਸਨਮਾਨ ਸਮਾਜ ਵਿੱਚ ਸੁਨਿਸ਼ਚਿਤ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ ਤਾਂ ਹੀ ਇਹ ਦਿਨ ਮਣਾਉਣੇ ਸਾਰਥਕ ਹਨ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡੀ.ਪੀ.ਐਮ.ਡਾ. ਸੁਖਵਿੰਦਰ ਕੌਰ, ਡਾ. ਸੋਨੀਆ, ਡਾ. ਨਵਪ੍ਰੀਤ ਕੌਰ ਤੋਂ ਇਲਾਵਾ ਸਿਵਲ ਸਰਜਨ ਦਫਤਰ ਦਾ ਸਾਰਾ ਸਟਾਫ ਹਾਜਰ ਸੀ।






